LJP Ram Vilas: ਲੋਕ ਜਨ ਸ਼ਕਤੀ ਪਾਰਟੀ ਵੱਲੋਂ ਜੈੱਨ-ਜ਼ੀ ਅੰਦੋਲਨ ਦਾ ਸਮਰਥਨ
ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲਡ਼ਨ ਦਾ ਐਲਾਨ
ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਵੋਟ ਚੋਰੀ ਮਾਮਲੇ ’ਤੇ ਜੈੱਨ-ਜ਼ੀ ਵੱਲੋਂ ਕੀਤੇ ਜਾ ਰਹੇ ਜਨ ਅੰਦੋਲਨ ਦਾ ਸਮਰਥਨ ਕੀਤਾ ਹੈ। ਇਹ ਵਿਚਾਰ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਕਿਰਨ ਪਾਲ ਚੌਧਰੀ ਨੇ ਸਾਂਝੇ ਕੀਤੇ। ਸ੍ਰੀ ਚੌਧਰੀ ਲੰਘੇ ਕੱਲ੍ਹ ਦੇਰ ਸ਼ਾਮ ਸਥਾਨਕ ਬੀ ਬੀ ਐੱਮ ਬੀ ਰੈਸਟ ਹਾਊਸ ਵਿੱਚ ਪਹੁੰਚੇ ਸਨ। ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਹਕੂਮਤ ’ਚ ਮੰਤਰੀ ਚਿਰਾਗ ਪਾਸਵਾਨ ਦਾ ਹਵਾਲਾ ਦਿੰਦੇ ਹੋਇਆਂ ਉਨ੍ਹਾਂ ਕਿਹਾ ਕਿ ਯੂਥ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ। ਜੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਗਲਤ ਕੀਤਾ ਹੈ ਤਾਂ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਸ਼੍ਰੀ ਚੌਧਰੀ ਨੇ ਦਿੱਲੀ ਵਿੱਚ ਨੌਜਵਾਨਾਂ ਅਤੇ ਪੱਤਰਕਾਰਾਂ ਨਾਲ ਪੁਲੀਸ ਵੱਲੋਂ ਕੀਤੀ ਧੱਕੇਸ਼ਾਹੀ ਦੀ ਦਬਵੀਂ ਸੁਰ ’ਚ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ਨੂੰ ਅੰਦੋਲਨਕਾਰੀ ਨੌਜਵਾਨਾਂ ਦੀ ਗੱਲ ਸੁਣਨ ਦੀ ਸਲਾਹ ਦਿੱਤੀ। ਅੰਦੋਲਨਕਾਰੀਆਂ ਨਾਲ ਦਿੱਲੀ ਪੁਲੀਸ ਦੀ ਮੌਜੂਦਗੀ ’ਚ ਆਰ ਐੱਸ ਐਸ ਸਮਰਥਕਾਂ ਵੱਲੋਂ ਕੀਤੀ ਮਾਰਕੁੱਟ ਦੇ ਮਾਮਲੇ ਦੀ ਸ੍ਰੀ ਚੌਧਰੀ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਲੋਕ ਜਨ ਸ਼ਕਤੀ ਪਾਰਟੀ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਮੀਡੀਆ ਦੇ ਸਵਾਲ ਦੇ ਜਵਾਬ ’ਚ ੳਨ੍ਹਾਂ ਪੰਜਾਬ ’ਚ ਭਾਜਪਾ ਨਾਲ ਗੱਠਜੋੜ ਤੋਂ ਬਿਨਾਂ ਚੋਣ ਲੜਨ ਦੀ ਗੱਲ ਕਹੀ।
ਸਥਾਨਕ ਮੁੱਦਿਆਂ ’ਤੇ ਬੋਲਦਿਆਂ ਸ੍ਰੀ ਚੌਧਰੀ ਨੇ ਬੀ ਬੀ ਐੱਮ ਬੀ ਡੀ ਏ ਵੀ ਪਬਲਿਕ ਸਕੂਲ ਦੇ ਮੁੱਦੇ ਨੂੰ ਕੇਂਦਰੀ ਊਰਜਾ ਮੰਤਰੀ ਕੋਲ਼ ਉਠਾਉਣ ਦਾ ਭਰੋਸਾ ਦਿੱਤਾ। ਬੀਬੀਐਮਬੀ ਕਲੌਨੀ ਦੇ ਖਾਲੀ ਕੁਆਟਰਾਂ ਅਤੇ ਹਸਪਤਾਲ ਨਾਲ ਸਬੰਧਤ ਮੁੱਦਿਆਂ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜੀਵ ਕੁਮਾਰ ਰਾਹੀਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਾਰਟੀ ਦੇ ਪੰਜਾਬ ਕਨਵੀਨਰ ਰਵਿੰਦਰ ਪਾਲ ਸਿੰਘ ਬਾਵਾ, ਚੀਫ਼ ਜਨਰਲ ਸਕੱਤਰ, ਪੰਜਾਬ ਪ੍ਰੇਮ ਸਿੰਘ ਸਫ਼ਰੀ, ਸੀਨੀਅਰ ਉਪ ਪ੍ਰਧਾਨ, ਪੰਜਾਬ ਪੰਕਜ ਭਾਰਦਵਾਜ, ਵਿਮਨ ਸੈੱਲ ਪ੍ਰਧਾਨ, ਪੰਜਾਬ ਮਾਤਾ ਮੀਨੂੰ ਵੀ ਹਾਜ਼ਰ ਸਨ।

