
ਮੁੱਖ ਮੰਤਰੀ ਅਤੇ ਚੇਅਰਮੈਨ ਦਾ ਪੁਤਲਾ ਸਾੜਨ ਤੋਂ ਪਹਿਲਾਂ ਨਾਅਰੇਬਾਜ਼ੀ ਕਰਦੇ ਹੋਏ ਮੁਜ਼ਾਹਰਾਕਾਰੀ।
ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਫ਼ਰਵਰੀ
ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੂਰਬ ਮਨਾਇਆ ਗਿਆ। ਇਸ ਸਮੇਂ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਤੇ ਮੋਰਚੇ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ। ਅੱਜ ਸਮਾਗਮ ਦੀ ਸਟੇਜ ਔਰਤਾਂ ਵੱਲੋਂ ਚਲਾਈ ਗਈ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੱਢੀ ਗਈ ਸੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਤਾਂ ਆ ਗਏ ਪਰ ਨੇੜੇ ਹੀ ਲਤੀਫਪੁਰਾ ਦੇ ਸਰਕਾਰ ਵੱਲੋਂ ਉਜਾੜੇ ਲੋਕਾਂ ਦੀ ਸਾਰ ਲੈਣ ਨਹੀਂ ਆਏ।
ਮੋਰਚੇ ਦੇ ਆਗੂਆਂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਸੰਤੋਖ ਸਿੰਘ ਸੰਧੂ,ਤਰਸੇਮ ਸਿੰਘ ਵਿੱਕੀ ਜੈਨਪੁਰ ਅਤੇ ਕਸ਼ਮੀਰ ਸਿੰਘ ਘੁੱਗਸੋ਼ਰ ਨੇ ਮੋਰਚੇ ਦੇ ਐਲਾਨ ਨੂੰ ਦੁਹਰਾਇਆ ਕਿ ਲਤੀਫ਼ਪੁਰਾ ਦੇ ਉਜਾੜੇ ਵਾਲੀ ਥਾਂ ਉੱਪਰ ਮੁੜ ਵਸੇਬੇ ਅਤੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿਵਾਉਣ,ਦਰਜ ਕੀਤੇ ਝੂਠੇ ਕੇਸ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ 11 ਫ਼ਰਵਰੀ ਨੂੰ ਆਪ ਵਿਧਾਇਕ ਸੀਤਲ ਅੰਗਰੂਲ ਦੇ ਘਰ ਅੱਗੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਲਤੀਫ਼ਪੁਰਾ ਚੌਕ ਵਿਖੇ ਮੁੱਖ ਮੰਤਰੀ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਪੁੱਠਾ ਲਟਕਾ ਕੇ ਨਾਅਰੇਬਾਜ਼ੀ ਕਰਦਿਆਂ ਇੰਨ੍ਹਾਂ ਪੁਤਲਿਆਂ ਨੂੰ ਫੂਕਿਆ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ