ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕਿਸਾਨ ਮੋਰਚੇ ਵੱਲੋਂ ਰੋਸ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਨਾਅਰੇਬਾਜ਼ੀ
ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ, ਯੂਰੀਆ ਤੇ ਡੀ ਏ ਪੀ ਖਾਦ ਅਤੇ ਭਾਖੜਾ ਬਿਆਸ ਪ੍ਰਬੰਧਕ ਬੋਰਡ ਵਿੱਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਵਾਉਣ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਡਾ. ਸਤਨਾਮ ਸਿੰਘ ਅਜਨਾਲਾ, ਸੁੱਚਾ ਸਿੰਘ ਕਾਮਰੇਡ, ਜਤਿੰਦਰ ਸਿੰਘ ਛੀਨਾ, ਡਾ. ਪਰਮਿੰਦਰ ਸਿੰਘ ਪੰਡੋਰੀ, ਧਨਵੰਤ ਸਿੰਘ, ਸੁਖਰਾਮਬੀਰ ਲੁਹਾਰਕਾ, ਗੁਰਦੇਵ ਸਿੰਘ ਵਰਪਾਲ, ਲਖਬੀਰ ਸਿੰਘ ਨਿਜ਼ਾਮਪੁਰਾ ਤੇ ਹੋਰ ਸ਼ਾਮਿਲ ਸਨ।
ਆਗੂਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਦੇਸ਼ ਆਰਥਿਕ ਮੰਦਹਾਲੀ ਵਿੱਚ ਜਾ ਰਿਹਾ ਹੈ ਅਤੇ ਦੇਸ਼ ਦੀ ਸਰਕਾਰ ਇਸ ਮੰਦਹਾਲੀ ਨੂੰ ਆਮ ਲੋਕਾਂ ਸਿਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ ਤਾਂ ਇੱਕਦਮ ਪੈਟਰੋਲ, ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਹਨ ਜਦੋ ਕਿ ਪਿਛਲੇ ਸਮੇਂ ਲਗਪਗ ਦਸ ਸਾਲ ਕੱਚੇ ਤੇਲ ਦੇ ਰੇਟ ਬਹੁਤ ਘੱਟ ਰਹੇ, ਪਰ ਸਰਕਾਰ ਨੇ ਲੋਕਾਂ ਨੂੰ ਰਾਹਤ ਨਹੀ ਦਿੱਤੀ। ਸਗੋਂ ਤੇਲ ਕੰਪਨੀਆਂ ਨੇ ਲਗਪਗ 30 ਤੋ 40 ਲੱਖ ਕਰੋੜ ਰੁਪਏ ਕਮਾਏ। ਇਸੇ ਦੌਰਾਨ ਦੇਸ਼ ਵਿੱਚ ਯੂਰੀਆ ਅਤੇ ਡੀ ਏ ਪੀ ਦੀ ਕਿੱਲਤ ਆ ਰਹੀ ਹੈ।
ਆਗੂਆਂ ਕਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਾਦਾਂ ਦੀ ਕਿੱਲਤ, ਵਧੇ ਹੋਏ ਤੇਲ, ਗੈਸ ਦੇ ਰੇਟ ਵਾਪਿਸ ਕਰਵਾਉਣ ਲਈ 2 ਜੂਨ ਨੂੰ ਪੰਜਾਬ ਵਿੱਚ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਕਾਮਰੇਡ ਜਗਤਾਰ ਮਾਹਲਾ ਦੇ ਪਰਿਵਾਰ ਤੇ ਹਮਲਾ ਕਰਨ ਵਾਲਿਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਨਵਾਂਸ਼ਹਿਰ (ਨਰਿੰਦਰ ਭੂੰਬਲਾ): ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਗਵਰਨਰ ਹਾਊਸ ਵੱਲ ਮਾਰਚ ਕਰਦੇ ਕਿਸਾਨਾਂ ’ਤੇ ਤਸ਼ੱਦਦ ਕਰਨ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੌਮੀ ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ ਔਜਲਾ, ਬੀ ਕੇ ਯੂ ਰਾਜੇਵਾਲ ਦੇ ਆਗੂ ਸੰਤੋਖ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿੰਘ ਭੰਗਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ਼ ਧੱਕਾ ਕਰ ਰਹੀ ਹੈ। ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦੀ ਨਿਖੇਧੀ ਕੀਤੀ।
ਗੁਰਦਾਸਪੁਰ (ਕੇ ਪੀ ਸਿੰਘ): ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਜਥੇਬੰਦੀਆਂ ਦੇ ਸੱਦੇ ’ਤੇ ਵੱਡੀ ਗਿਣਤੀ ’ਚ ਕਿਸਾਨ ਗੁਰੂ ਨਾਨਕ ਪਾਰਕ ’ਚ ਇਕੱਤਰ ਹੋਏ। ਇੱਥੋਂ ਮਾਰਚ ਦੇ ਰੂਪ ਵਿੱਚ ਡੀ ਸੀ ਦਫ਼ਤਰ ਪੁੱਜ ਕੇ ਧਰਨਾ ਦਿੱਤਾ। ਧਰਨੇ ਮਗਰੋਂ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਦਿੱਤੇ ਗਏ।
ਜਲੰਧਰ (ਹਤਿੰਦਰ ਮਹਿਤਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਡੀ ਸੀ ਦਫਤਰ ਅੱਗੇ ਦੋ ਘੰਟੇ ਧਰਨਾ ਦਿੱਤਾ ਗਿਆ। ਇਸ ਤੋਂ ਬਾਅਦ ਏ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਸੰਧੂ ਤੇ ਗੁਰ ਕਮਲ ਸਿੰਘ, ਜਿਲਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦੇ ਜਿਲ੍ਾ ਪ੍ਰਧਾਨ ਸਤਨਾਮ ਸਿੰਘ ਲੋਹਗੜ, ਦੁਆਬਾ ਕਿਸਾਨ ਯੂਨੀਅਨ ਬਾਬਾ ਬਲਵਿੰਦਰ ਸਿੰਘ, ਬੀਕੇਯੂ ਖਹਿਰਾ ਦੇ ਜਿਲਾ ਪ੍ਰਧਾਨ ਕੇਵਲ ਸਿੰਘ ਖਹਿਰਾ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਹਰਵਿੰਦਰ ਪਾਲ ਸਿੰਘ, ਮੋਹਣ ਸਿੰਘ ਬੱਲ, ਜਸਵਿੰਦਰ ਸਿੰਘ ਢੇਸੀ, ਮਨੋਹਰ ਸਿੰਘ ਗਿੱਲ ਆਦਿ ਨੇ ਹਿੱਸਾ ਲਿਆ।

