ਮੁਲਾਜ਼ਮਾਂ ’ਤੇ ਜਬਰ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਜ਼ਾਹਰੇ
ਪੁਲੀਸ ਜਬਰ ਤੇ ਬਿਜਲੀ ਸੰਕਟ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ; ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਪੰਜਾਬ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਅਤੇ ਮਗਨਰੇਗਾ ਮਜ਼ਦੂਰਾਂ ਤੇ ਦਿੱਲੀ ਵਿੱਚ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਜਬਰ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਜ਼ੋਨ ਬਾਬਾ ਨੌਧ ਸਿੰਘ ਵੱਲੋਂ ਅੱਜ ਪਿੰਡ ਚੱਬਾ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਧਰਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜ਼ੋਨ ਪ੍ਰਧਾਨ ਕੰਵਲਜੀਤ ਸਿੰਘ ਵੰਨਚੜੀ, ਰਾਜਪਾਲ ਸਿੰਘ ਸੁਲਤਾਨਵਿੰਡ, ਦਵਿੰਦਰ ਸਿੰਘ ਚਾਟੀਵਿੰਡ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ, ਸਫ਼ਾਈ ਮੁਲਾਜ਼ਮਾਂ, ਦਿੱਲੀ ’ਚ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤਾ ਲਾਠੀਚਾਰਜ ਨਿੰਦਣਯੋਗ ਹੈ। ਕਿਸਾਨ ਆਗੂ ਨਿਸ਼ਾਨ ਸਿੰਘ ਚੱਬਾ, ਕਾਰਜ ਸਿੰਘ ਰਾਮਪੁਰਾ, ਸੁਖਦੀਪ ਸਿੰਘ ਵਣਚੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਸਬੰਧੀ ਦੁੁਬਾਰਾ ਲਿਆਂਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।
ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ): ਪੰਜਾਬ ਵਿੱਚ ਸਫ਼ਾਈ ਸੇਵਕਾਂ, ਮਗਨਰੇਗਾ ਕਾਮਿਆਂ ਅਤੇ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ’ਤੇ ਹੋ ਰਹੇ ਕਥਿਤ ਪੁਲੀਸ ਜ਼ਬਰ ਅਤੇ ਸੂਬੇ ਵਿੱਚ ਬਣੇ ਬਿਜਲੀ ਸੰਕਟ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਤਵਾਰ ਨੂੰ ਸੂਬਾ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਪੰਜਾਬ ਸਰਕਾਰ ਦੇ ਪੁਤਲੇ ਅਤੇ ਅਰਥੀਆਂ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨੈਸ਼ਨਲ ਹਾਈਵੇ 54 ਤੇ ਸਥਿਤ ਉਸਮਾ ਟੌਲ ਪਲਾਜ਼ਾ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਅਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਪੁਲੀਸ ਦੀ ਵਰਤੋਂ ਕਰ ਰਹੀ ਹੈ। ਸਫ਼ਾਈ ਸੇਵਕਾਂ, ਮਨਰੇਗਾ ਕਾਮਿਆਂ ਤੇ ਬਿਜਲੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਫ਼ਾਈ ਸੇਵਕਾਂ, ਮਨਰੇਗਾ ਕਾਮਿਆਂ ਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ, ਪੁਲੀਸ ਕਾਰਵਾਈ ਨਾ ਰੋਕੀ ਅਤੇ ਬਿਜਲੀ ਸੰਕਟ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ੋਨ ਬਾਬਾ ਭਾਈ ਅਦਲੀ ਜੀ ਚੋਹਲਾ ਸਾਹਿਬ ਵੱਲੋਂ ਵੀ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਵਲੋਂ ਅੱਜ ਕਸਬਾ ਭੈਣੀ ਮੀਆਂ ਖਾਂ ਵਿਖੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜੀ ਕੀਤੀ ਗਈ। ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਨਾਨੋਵਾਲ ਤੇ ਜ਼ੋਨ ਸਕੱਤਰ ਕੈਪਟਨ ਸ਼ਮਿੰਦਰ ਸਿੰਘ, ਬੀਬੀ ਹਰਜੀਤ ਕੌਰ ਨੇ ਸਫ਼ਾਈ ਸੇਵਕ ਮਜ਼ਦੂਰਾਂ ਅਤੇ ਬੀਬੀਆਂ ’ਤੇ ਲਾਠੀਚਾਰਜ ਦੀ ਨਿਖੇਧੀ ਕੀਤੀ।
ਸਰਕਾਰ ਦਾ ਪੁਤਲਾ ਫੁਕਿਆ
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ, ਟਾਹਲੀ ਸਾਹਿਬ ਅਤੇ ਮਜੀਠਾ ਵੱਲੋਂ ਅੱਜ ਟੌਲ ਪਲਾਜਾ ਕੱਥੂਨੰਗਲ ਵਿਖੇ ਸਫਾਈ ਸੇਵਕਾਂ ਤੇ ਮਗਨਰੇਗਾ ਕਾਮਿਆਂ ਤੇ ਜਬਰ ਅਤੇ ਲੈਂਡ ਪੂਲਿੰਗ ਨੀਤੀ ਖਿਲਾਫ ‘ਆਪ’ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕਿਹਾ ਕਿ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਦੋਵੇਂ ਹੀ ਦੋਗਲੀ ਨੀਤੀ ਤੇ ਚੱਲ ਰਹੀਆਂ ਹਨ ਅਤੇ ਦੋਵੇਂ ਹੀ ਆਮ ਲੋਕਾਂ, ਵਿਦਿਆਰਥੀਆਂ ਅਤੇ ਮਜ਼ਦੂਰ ਵਰਗ ਦੇ ਹੱਕਾਂ ਤੇ ਲਗਾਤਾਰ ਡਾਕੇ ਮਾਰ ਰਹੀਆਂ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਸਰਕਾਰ ਦੀ ਕਿਸਾਨ ਵਿਰੋਧੀ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕੀਤਾ।
ਸਫਾਈ ਸੇਵਕਾਂ ਤੇ ਵਿਦਿਆਰਥੀਆਂ ’ਤੇ ਤਸ਼ੱਦਦ ਦਾ ਵਿਰੋਧ
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਉਪਰ ਰੋਸ ਵਿਖਾਵੇ ਕਰ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਅਤੇ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਕੀਤੇ ਇਨ੍ਹਾਂ ਰੋਸ ਵਿਖਾਵਿਆਂ ਵਿੱਚ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਬਰਨਾਲਾ ਵਿਖੇ ਸਫਾਈ ਸੇਵਕਾਂ ਅਤੇ ਦਿੱਲੀ ਵਿੱਚ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਤਸ਼ੱਦਦ ਦੀ ਵੀ ਨਿੰਦਾ ਕੀਤੀ। ਆਗੂਆਂ ਵੱਲੋਂ ਕਿਹਾ ਕਿ ਹਾਕਮ ਧਿਰਾਂ ਕੋਲ ਸੰਘਰਸ਼ ਕਰਦੇ ਲੋਕਾਂ ਦੀਆਂ ਮੰਗਾਂ ਮੰਨਣ ਦੀ ਥਾਂ ਤੇ ਤਸ਼ੱਦਦ ਕਰਨਾ ਹੀ ਉਨ੍ਹਾਂ ਦਾ ਇੱਕੋ ਇੱਕ ਮੰਤਵ ਰਹਿ ਗਿਆ ਹੈ। ਇਸ ਤੋਂ ਇਲਾਵ ਉਸਮਾਂ ਟੌਲ ਪਲਾਜ਼ਾ, ਮੰਨਣ ਟੌਲ ਪਲਾਜ਼ਾ, ਭੱਗੂਪੁਰ ਅਤੇ ਹਰੀਕੇ ਵਿੱਚ ਧਰਨੇ ਲਾਏ ਗਏ। ਆਗੂਆਂ ਨੇ ਪੰਜਾਬ ਸਰਕਾਰ ਨੂੰ ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਲੈਂਡ ਪੂਲਿੰਗ ਨੀਤੀ ਦੀ ਨਿਖੇਧੀ ਕੀਤੀ।
ਵਾਲਮੀਕਿ ਸਮਾਜ ਦਾ ਰੋਸ ਮਾਰਚ; ਡੀ ਐੱਸ ਪੀ ਦਾ ਪੁਤਲਾ ਫੂੁਕਿਆ
ਸੁਲਤਾਨਪੁਰ ਲੋਧੀ (ਦੀਪਕ ਧੀਰ): ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਖ਼ਿਲਾਫ਼ ਸੁਲਤਾਨਪੁਰ ਲੋਧੀ ਵਿਖੇ ਵਾਲਮੀਕਿ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰਿਸ਼ੀ ਨਗਰ ਤੋਂ ਤਲਵੰਡੀ ਪੁ0ਲ ਤੱਕ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬਰਨਾਲਾ ਦੇ ਡੀ ਐੱਸ ਪੀ ਅਤੇ ਐੱਸ ਐੱਚ ਓ ਦਾ ਪੁਤਲਾ ਫੂਕਿਆ। ਅੰਬੇਡਕਰ ਆਰਮੀ, ਭਗਵਾਨ ਵਾਲਮੀਕਿ ਸੁਸਾਇਟੀ ਅਤੇ ਬਸਪਾ ਆਗੂਆਂ ਨੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਦੋਸ਼ੀ ਪੁਲੀਸ ਅਧਿਕਾਰੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ’ਤੇ ਸੋਮਵਾਰ ਨੂੰ ਭਾਰਤ ਬੰਦ ਕੀਤਾ ਜਾਵੇਗਾ।

