Khedan Watan Punjab Diyan: ਸ਼ਤਰੰਜ ’ਚ ਮੋਗਾ ਦੀ ਟੀਮ ਨੇ ਬਾਜ਼ੀ ਮਾਰੀ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਟੇਬਲ ਟੈਨਿਸ ਵਿਚ ਅੰਮ੍ਰਿਤਸਰ ਜੇਤੂ
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਸਟੇਟ ਗੇਮਜ਼ ਤਹਿਤ ਜਲੰਧਰ ਵਿੱਚ ਟੇਬਲ ਟੈਨਿਸ ਅਤੇ ਸ਼ਤਰੰਜ (ਚੈੱਸ) ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਅੱਜ ਕਰਵਾਏ ਖੇਡ ਮੁਕਾਬਲਿਆਂ ਬਾਰੇ ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ ਅੰਡਰ 14-ਲੜਕਿਆਂ ਦੇ ਕੁਆਰਟਰ ਫਾਈਟਲ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਲੁਧਿਆਣਾ ਦੀ ਟੀਮ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ 3-0 ਅਤੇ ਜਲੰਧਰ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 3-0 ਨਾਲ ਹਰਾਇਆ। ਉਨ੍ਹਾਂ ਅੱਗੇ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਅੰਮ੍ਰਿਤਸਰ ਤੇ ਪਟਿਆਲਾ ਤੇ ਜਲੰਧਰ ਦਾ ਮੁਕਾਬਲਾ ਲੁਧਿਆਣਾ ਨਾਲ ਹੋਵੇਗਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 35 ਤੋਂ 40 ਸਾਲ ਮਹਿਲਾ ਵਰਗ ਦੇ ਸ਼ਤਰੰਜ ਦੇ ਫਾਈਨਲ ਮੁਕਾਬਲਿਆਂ ਵਿੱਚ ਮੋਗਾ ਦੀ ਟੀਮ ਨੇ 6 ਅੰਕ ਹਾਸਲ ਕਰ ਕੇ ਪਹਿਲਾ, ਅੰਮ੍ਰਿਤਸਰ ਦੀ ਟੀਮ ਨੇ 4 ਅੰਕ ਹਾਸਲ ਕਰ ਕੇ ਦੂਜਾ ਅਤੇ ਪਟਿਆਲਾ ਦੀ ਟੀਮ ਨੇ 3 ਅੰਕ ਹਾਸਲ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨਾ, ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ।

