Khedan Watan Punjab Diyan: ਟੇਬਲ ਟੈਨਿਸ ’ਚ ਲੁਧਿਆਣਾ ਦੀ ਟੀਮ ਅੱਵਲ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਟੇਬਲ ਟੈਨਿਸ, ਵਾਲੀਬਾਲ ਤੇ ਸ਼ਤਰੰਜ ਦੇ ਮੁਕਾਬਲੇ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਇੱਥੇ ਟੇਬਲ ਟੈਨਿਸ, ਵਾਲੀਬਾਲ ਅਤੇ ਚੈੱਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਤੀਜੇ ਦਿਨ ਕੁੜੀਆਂ ਦੇ ਟੇਬਲ ਟੈਨਿਸ ਅਤੇ ਚੈੱਸ ਦੇ ਮੁਕਾਬਲੇ ਕਰਵਾਏ ਗਏ।
ਜਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ-14 ਲੜਕੀਆਂ ਵਿੱਚ ਲੁਧਿਆਣਾ ਦੀ ਟੀਮ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ, ਪਟਿਆਲਾ ਦੀ ਟੀਮ ਨੇ ਦੂਜਾ ਅਤੇ ਜਲੰਧਰ ਅਤੇ ਲੁਧਿਆਣਾ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 30 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ, ਫਾਜ਼ਿਲਕਾ ਦੀ ਟੀਮ ਨੇ ਦੂਜਾ ਅਤੇ ਬਰਨਾਲਾ ਤੇ ਲੁਧਿਆਣਾ ਦੀਆਂ ਟੀਮਾਂ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। ਪਟਿਆਲਾ ਦੀ ਟੀਮ ਵਿੱਚ ਦੀਕਸ਼ਾ, ਲਵਪ੍ਰੀਤ, ਨੇਹਾ ਅਤੇ ਅੰਜਲੀ, ਫਾਜ਼ਿਲਕਾ ਦੀ ਟੀਮ ’ਚ ਕਮਲਜੀਤ ਕੌਰ, ਸ਼ਾਲੂ, ਸਿਮਰਨਜੀਤ ਕੌਰ ਅਤੇ ਰਜਨੀ ਅਤੇ ਬਰਨਾਲਾ ਦੀ ਟੀਮ ਵਿੱਚ ਸੀਰਤ ਕੌਰ, ਲਵਪ੍ਰੀਤ ਕੌਰ, ਮਨਪ੍ਰੀਤ ਕੌਰ, ਨਿਸ਼ਾ, ਅਮਨ ਅਤੇ ਅਮਰਜੀਤ ਸ਼ਾਮਲ ਸਨ। ਚੈੱਸ ਮੁਕਾਬਲਿਆਂ ਦੌਰਾਨ ਅੰਡਰ-14 ਲੜਕੀਆਂ ਦੇ ਵਰਗ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਅੰਮ੍ਰਿਤਸਰ ਦੀ ਟੀਮ ਨੇ ਦੂਜਾ ਅਤੇ ਸੰਗਰੂਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ ਸੀ ਪੀ ਰਾਜੇਸ਼ ਠਾਕੁਰ ਅਤੇ ਜ਼ਿਲ੍ਹਾ ਅਟਾਰਨੀ ਅਨਿਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

