Kapurthala Jail: ਕਪੂਰਥਲਾ ਜੇਲ੍ਹ: ਜੇਲ੍ਹ ਵਿਚ ਹੰਗਾਮਾ ਕਰਨ ਦੇ ਦੋਸ਼ ਹੇਠ 27 ਖ਼ਿਲਾਫ਼ ਕੇਸ
ਗੰਭੀਰ ਜ਼ਖਮੀ ਦੋ ਹਵਾਲਾਤੀਆਂ ਨੂੰ ਅੰਮ੍ਰਿਤਸਰ ਰੈਫਰ ਕੀਤਾ
ਮਾਡਰਨ ਜੇਲ੍ਹ ਕਪੂਰਥਲਾ ਵਿਚ ਬੀਤੀ ਰਾਤ ਕੈਦੀਆਂ ਦੇ ਦੋ ਗਰੁੱਪਾਂ ਦੀ ਝੜਪ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿਚ 27 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਤਿੰਨ ਹਵਾਲਾਤੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਜੇਲ੍ਹ ਦੀ ਬੈਰਕ ਨੰਬਰ 4 ਵਿਚ ਖ਼ਤਰਨਾਕ ਅਪਰਾਧੀ ਰੱਖੇ ਹੋਏ ਹਨ ਇਨ੍ਹਾਂ ਦੀ ਆਪਸ ’ਚ ਹੋਈ ਲੜਾਈ ਨਾਲ ਤਣਾਅ ਦਾ ਮਾਹੌਲ ਬਣ ਗਿਆ ਤੇ ਇਹ ਬੈੱਰਕ ਦੇ ਨਾਲ ਲੱਗਦੀ ਪੌੜੀ ਦਾ ਗੇਟ ਤੋੜ ਕੇ ਛੱਤ ’ਤੇ ਜਾ ਚੜ੍ਹੇ ਜਿਸ ਮਗਰੋਂ ਕੱਪੜੇ ਤੇ ਬਿਸਤਰਿਆਂ ਨੂੰ ਅੱਗ ਲੱਗਾ ਕੇ ਮਾਹੌਲ ਖਰਾਬ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸਥਿਤੀ ਕਾਬੂ ’ਚ ਕਰਨ ਲਈ ਅੱਥਰੂ ਗੈਸ ਵੀ ਛੱਡਣੀ ਪਈ ਜਿਸ ਨਾਲ ਚਾਰ ਕੈਦੀ ਜ਼ਖ਼ਮੀ ਹੋ ਗਏ।
ਜੇਲ੍ਹ ’ਚ ਜੈਮਰ ਲੱਗੇ ਹੋਣ ਦੇ ਬਾਵਜੂਦ ਵੀ ਕੈਦੀਆਂ ਦੇ ਚੱਲ ਰਹੇ ਮੋਬਾਈਲਾ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਪੁਲੀਸ ਦੇ ਮੋਬਾਈਲ ਤਾਂ ਬੰਦ ਸਨ ਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕੁੱਝ ਕੈਦੀਆਂ ਨੇ ਜੇਲ੍ਹ ਸਟਾਫ਼ ਨਾਲ ਵੀ ਹੱਥੋਂਪਾਈ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਪੁਲੀਸ ਵਲੋਂ ਹੁਣ ਤੱਕ 27 ਕੈਦੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਸ਼ਨੀਵਾਰ ਰਾਤ ਸੈਂਕੜੇ ਕੈਦੀਆਂ ਵੱਲੋਂ ਕੀਤੇ ਗਏ ਭਾਰੀ ਹੰਗਾਮੇ ਅਤੇ ਹੁੱਲੜਬਾਜ਼ੀ ਤੋਂ ਬਾਅਦ ਅੱਜ ਸਵੇਰੇ ਪੁਲੀਸ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲੈਂਦਿਆਂ ਦਾਅਵਾ ਕੀਤਾ ਹੈ ਕਿ ਜੇਲ੍ਹ ਕੰਪਲੈਕਸ ਵਿੱਚ ਹਾਲਾਤ ਹੁਣ ਪੂਰੀ ਤਰ੍ਹਾਂ ਆਮ ਵਰਗੇ ਹੋ ਗਏ ਹਨ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਕਈ ਘੰਟਿਆਂ ਤੱਕ ਚੱਲੇ ਸਾਂਝੇ ਅਪਰੇਸ਼ਨ ਤੋਂ ਬਾਅਦ ਤੜਕੇ ਕਰੀਬ 2 ਵਜੇ ਸਥਿਤੀ ’ਤੇ ਕਾਬੂ ਪਾ ਲਿਆ ਗਿਆ ਸੀ ਅਤੇ ਸਾਰੇ ਕੈਦੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਦੀਆਂ ਬੈਰਕਾਂ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਹੰਗਾਮੇ ਦੌਰਾਨ ਹੰਝੂ ਗੈਸ ਦੇ ਗੋਲੇ ਲੱਗਣ ਕਾਰਨ ਤਿੰਨ ਕੈਦੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਇਲਾਜ ਅਧੀਨ ਹਨ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਜੇਲ੍ਹ ਦੀ ਬੈਰਕ ਨੰਬਰ 4 ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਨੇ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਲਿਆ ਸੀ, ਜਦੋਂ ਸੈਂਕੜੇ ਕੈਦੀ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਅਤੇ ਡੰਡੇ ਲੈ ਕੇ ਜੇਲ੍ਹ ਦੀਆਂ ਛੱਤਾਂ ’ਤੇ ਚੜ੍ਹ ਗਏ। ਕੈਦੀਆਂ ਵੱਲੋਂ ਜੇਲ੍ਹ ਦੇ ਅੰਦਰੋਂ ਬਣਾਈਆਂ ਗਈਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਜੇਲ੍ਹ ਕੰਪਲੈਕਸ ਅੰਦਰ ਕਈ ਥਾਵਾਂ ’ਤੇ ਲੱਗੀ ਅੱਗ, ਟੁੱਟੀਆਂ ਕੰਧਾਂ ਅਤੇ ਭਾਰੀ ਭੰਨ-ਤੋੜ ਸਾਫ਼ ਦਿਖਾਈ ਦੇ ਰਹੀ ਸੀ।

