Journalist Assault Delhi: ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ
ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾੲੀ ਦੀ ਮੰਗ
ਸਥਾਨਕ ਮਹਾਰਾਣਾ ਪ੍ਰਤਾਪ ਚੌਕ ਵਿੱਚ ਪ੍ਰੈੱਸ ਕੱਲਬ ਤਲਵਾੜਾ ਨੇ ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਸੀਨੀਅਰ ਪੱਤਰਕਾਰ ਡੀ ਸੀ ਭਾਰਦਵਾਜ, ਰਾਕੇਸ਼ ਸ਼ਰਮਾ, ਰਾਜੀਵ ਓਸ਼ੋ, ਪਵਨ ਕੁਮਾਰ, ਜੋਤੀ ਗੌਤਮ ਨੇ ਦੱਸਿਆ ਕਿ ਕਾਕਰੌਚ ਜਨਤਾ ਪਾਰਟੀ (ਸੀ ਜੇ ਪੀ) ਨੇ ਵੋਟ ਚੋਰੀ ਅਤੇ ਵੋਟਰ ਸੂਚੀਆਂ ਦੀ ਸੁਧਾਈ (ਐੱਸ ਆਈ ਆਰ) ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿੱਖ ਅੰਦੋਲਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਸੀ। ਇਸ ਅੰਦੋਲਨ ਦੀ ਕਵਰੇਜ ਲਈ ਪ੍ਰਿੰਟ ਤੇ ਡਿਜੀਟਲ ਮੀਡੀਆ ਦੇ ਕਈ ਪੱਤਰਕਾਰ ਵੀ ਪਹੁੰਚੇ, ਜਿਸ ਵਿੱਚ ਮਹਿਲਾ ਪੱਤਰਕਾਰ ਵੀ ਸ਼ਾਮਲ ਸਨ। ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਹੀ ਨਹੀਂ ਗਿਆ, ਸਗੋਂ ਕਈ ਪਤੱਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ, ਮਾਰਕੁੱਟ ਕੀਤੀ ਅਤੇ ਕੈਮਰੇ ਤੱਕ ਤੋੜ ਦਿੱਤੇ, ਮਹਿਲਾ ਪੱਤਰਕਾਰਾਂ ਨਾਲ ਹੱਥੋਪਾਈ ਕੀਤੀ, ਉਨ੍ਹਾਂ ਦੇ ਕੱਪੜੇ ਪਾੜੇ ਅਤੇ ਬਦਸਲੂਕੀ ਕੀਤੀ। ਤਲਵਾੜਾ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਦਿੱਲੀ ਪੁਲੀਸ ਦੀ ਨਿਖੇਧੀ ਕੀਤੀ। ਸਰਕਾਰ ਅਤੇ ਪ੍ਰਸ਼ਾਸਨ ਤੋਂ ਘਟਨਾ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਪੱਤਰਕਾਰ ਨਵਦੀਪ ਸਿੰਘ, ਜਸਵੀਰ ਸਿੰਘ, ਦੀਪਕ ਠਾਕੁਰ, ਦੇਸ ਰਾਜ, ਬਲਦੇਵ ਟੋਹਲੂ ਅਤੇ ਵਿਕਰਾਂਤ ਮਹਿਤਾ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸ਼ਾਦੀ ਲਾਲ, ਬਲਬੀਰ ਸਿੰਘ ਬੱਲ, ਜਤਿੰਦਰ ਕੁਮਾਰ (ਜੱਗਾ), ਰਾਕੇਸ਼ ਘਈ, ਪ੍ਰਵੀਨ ਸੋਹਲ ਹਾਜ਼ਰ ਸਨ।

