ਡੀ ਐੱਸ ਪੀ ਮੁਅੱਤਲ ਕਰਨ ਦੀ ਮੰਗ ਲਈ ਜਾਮ
ਗੜ੍ਹਸ਼ੰਕਰ/ਹੁਸ਼ਿਆਰਪੁਰ (ਜੰਗ ਬਹਾਦਰ ਸਿੰਘ ਸੇਖੋਂ/ਹਰਪ੍ਰੀਤ ਕੌਰ): ਹਲਕਾ ਚੱਬੇਵਾਲ ਵਿੱਚ ਡੀ ਐੱਸ ਪੀ ਚੱਬੇਵਾਲ ਵੱਲੋਂ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਪਿੰਡ ਪੁੰਜ ਦੇ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਪੁਲੀਸ ਮੁਲਾਜ਼ਮਾਂ ਤੋਂ ਕੁੱਟਮਾਰ ਕਰਵਾਉਣ ਅਤੇ ਪਰਿਵਾਰ ਨੂੰ ਮਾੜਾ ਬੋਲਣ ਦੇ ਰੋਸ...
ਗੜ੍ਹਸ਼ੰਕਰ/ਹੁਸ਼ਿਆਰਪੁਰ (ਜੰਗ ਬਹਾਦਰ ਸਿੰਘ ਸੇਖੋਂ/ਹਰਪ੍ਰੀਤ ਕੌਰ): ਹਲਕਾ ਚੱਬੇਵਾਲ ਵਿੱਚ ਡੀ ਐੱਸ ਪੀ ਚੱਬੇਵਾਲ ਵੱਲੋਂ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਪਿੰਡ ਪੁੰਜ ਦੇ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਪੁਲੀਸ ਮੁਲਾਜ਼ਮਾਂ ਤੋਂ ਕੁੱਟਮਾਰ ਕਰਵਾਉਣ ਅਤੇ ਪਰਿਵਾਰ ਨੂੰ ਮਾੜਾ ਬੋਲਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਉੱਤੇ ਚੱਬੇਵਾਲ ਵਿੱਚ ਚਾਰ ਘੰਟੇ ਲਈ ਆਵਾਜਾਈ ਠੱਪ ਕਰ ਦਿੱਤੀ। ਇਸ ਨਾਲ ਜਿੱਥੇ ਮੁੱਖ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਧਰਨਕਾਰੀਆਂ ਨੇ ਦੋਸ਼ ਲਾਇਆ ਕਿ ਡੀ ਐੱਸ ਪੀ ਚੱਬੇਵਾਲ ਪਲਵਿੰਦਰ ਸਿੰਘ ਰੇਤੇ ਦੀ ਢੁਆਈ ਕਰਨ ਵਾਲੇ ਟਰੈਕਟਰ ਟਰਾਲੀ ਦੇ ਚਾਲਕਾਂ ਤੋਂ ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਲੈਂਦਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਸ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਨੇ ਮਹੀਨਾਵਾਰ ਰਾਸ਼ੀ ਵਧਾਉਣ ਲਈ ਟਰੈਕਟਰ ਚਾਲਕਾਂ ’ਤੇ ਦਬਾਅ ਬਣਾਇਆ ਸੀ ਜਿਸਦਾ ਵਿਰੋਧ ਕਰਨ ’ਤੇ ਰਾਜੀਵ ਕੁਮਾਰ ਦੀ ਡੀ ਐੱਸ ਪੀ ਵੱਲੋਂ ਕਾਫ਼ੀ ਕੁੱਟਮਾਰ ਕਰਵਾਈ ਗਈ ਤੇ ਮਾਈਨਿੰਗ ਦਾ ਝੂਠਾ ਕੇਸ ਦਰਜ ਕਰ ਦਿੱਤਾ। ਇਸ ਮੌਕੇ ਪੁੱਜੀ ਐੱਸ ਪੀ (ਡੀ) ਮਨਪ੍ਰੀਤ ਕੌਰ ਸ਼ੀਹਮਾਰ ਅਤੇ ਡੀ ਐੱਸ ਪੀ ਜਗੀਰ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਲੋਕ ਰੋਹ ਅੱਗੇ ਉਨ੍ਹਾਂ ਨੂੰ ਬੇਵੱਸ ਹੋਣਾ ਪਿਆ। ਧਰਨਾਕਾਰੀਆਂ ਨੇ ਉਕਤ ਡੀ ਐੱਸ ਪੀ ਵਿਰੁੱਧ ਕੇਸ ਦਰਜ ਕਰਨ ਅਤੇ ਉਸਨੂੰ ਨੌਕਰੀ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ।
ਡੀ ਐੱਸ ਪੀ ਨੇ ਦੋਸ਼ ਨਕਾਰੇ
ਡੀ ਐੱਸ ਪੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਦਬਾਅ ਬਣਾਉਣ ਲਈ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਤੇ ਵੀ ਗ਼ੈਰ- ਕਾਨੂੰਨੀ ਮਾਈਨਿੰਗ ਨਾ ਹੋਣ ਦਿੱਤੀ ਜਾਵੇ।
ਪੁਲੀਸ ਅਧਿਕਾਰੀਆਂ ਦੇ ਭਰੋਸੇ ਮਗਰੋਂ ਆਵਾਜਾਈ ਬਹਾਲ
ਇਸ ਮਾਰਗ ’ਤੇ ਪੰਜ ਤੋਂ ਛੇ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਇਸ ਮੌਕੇ ਲੋਕਾਂ ਨੇ ਪੁਲੀਸ ਵਿਰੁੱਧ ਜੰਮ ਕੇ ਭੜਾਸ ਕੱਢੀ। ਆਖ਼ਰ ਚਾਰ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਮੌਕੇ ’ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਪੁਲੀਸ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਮਗਰੋਂ ਆਵਾਜਾਈ ਬਹਾਲ ਕੀਤੀ ਗਈ। ਐੱਸ ਪੀ ਮੈਡਮ ਮਨਪ੍ਰੀਤ ਸ਼ੀਹਮਾਰ ਨੇ ਕਿਹਾ ਕਿ ਪਿੰਡ ਦੇ ਸਰਪੰਚ ਬੀਰਬਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਦੋ ਦਿਨ ਅੰਦਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਗ਼ੈਰ-ਕਾਨੂੰਨੀ ਮਾਈਨਿੰਗ ਦਾ ਦੋਸ਼
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਇਲਾਕੇ ਦੇ ਪਿੰਡ ਚੰਬਲ ਦੀ ਰੋਹੀ ਨੇੜੇ ਕਥਿਤ ਤੌਰ ’ਤੇ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਪੱਪੂ, ਲਖਬੀਰ ਸਿੰਘ ਲੱਖਾ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਇੱਥੇ ਚੰਬਲ ਪਿੰਡ ਦੀ ਰੋਹੀ ਨੇੜਿਓ ਵੱਡੇ ਪੱਧਰ ’ਤੇ ਭਾਰੀ ਮਸ਼ੀਨਾਂ ਨਾਲ ਮਹੀਨਿਆਂ ਤੋਂ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਅਦਾਲਤ ਤੋਂ ਸਟੇਅ ਵੀ ਲਿਆ ਹੋਇਆ ਹੈ ਪਰ ਫਿਰ ਵੀ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਾਈਨਿੰਗ ਵਿਭਾਗ ਦੇ ਐਕਸੀਅਨ ਸਾਹਿਲ ਨੇ ਕਿਹਾ ਕਿ ਇਸ ਸਬੰਧੀ ਬਾਕਾਇਦਾ ਤੌਰ ’ਤੇ ਪਰਮਿਟ ਜਾਰੀ ਕੀਤਾ ਹੋਇਆ ਹੈ ਜਿਸ ਵਿੱਚ ਕਿਸੇ ਕਿਸਮ ਦੀ ਬੇਨਿਯਮੀ ਵਾਲੀ ਗੱਲ ਨਹੀਂ ਹੈ।

