Jalandhar: ਸਫ਼ਾਈ ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮੰਗਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼; ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ੁਰੂ ਕੀਤੀ ਹੜਤਾਲ ਦੂਜੇ ਦਿਨ ’ਚ ਦਾਖ਼ਲ ਹੋ ਗਈ ਹੈ। ਹੜਤਾਲੀ ਕਰਮਚਾਰੀਆਂ ਨੇ ਵੀਰਵਾਰ ਨੂੰ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਨਿਗਮ ਪ੍ਰਸ਼ਾਸਨ ਸਣੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ਅਤੇ ਸ਼ੰਮੀ ਲੂਥਰ ਨੇ ਦੱਸਿਆ ਕਿ ਉਨ੍ਹਾਂ ਦੀ ਹਮਾਇਤ ’ਚ ਵੀਰਵਾਰ ਨੂੰ ਵਾਲਮੀਕਿ ਸ਼ਕਤੀ ਆਸਰਮ ਦੇ ਚੇਅਰਮੈਨ ਵਿਪਨ ਸਭਰਵਾਲ, ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਜੇ ਖੋਸਲਾ, ਵਿੱਕੀ, ਰਿਸ਼ੀ ਸਹੋਤਾ, ਹੈਪੀ ਥਾਪਰ, ਮਦਨ ਮੱਦੀ, ਮੁਲਾਜ਼ਮ ਸਫ਼ਾਈ ਸੇਵਕ ਸੀਵਰੇਜਮੈਨ ਯੂਨੀਅਨ ਦੇ ਪ੍ਰਧਾਨ ਰਾਜਨ ਕਲਿਆਣ ਮੌਕੇ ’ਤੇ ਪੁੱਜੇ। ਆਗੂਆਂ ਨੇ ਕਿਹਾ ਹੈ ਕਿ ਜੇ ਸ਼ੁੱਕਰਵਾਰ ਨੂੰ ਹੜਤਾਲ ਖ਼ਤਮ ਨਹੀਂ ਹੁੰਦੀ ਤਾਂ ਸੋਮਵਾਰ ਨੂੰ ਨਗਰ ਨਿਗਮ ਦੇ ਮੇਨ ਗੇਟ ਦੇ ਬਾਹਰ ਟੈਂਟ ਲਾ ਕੇ ਧਰਨਾ ਦਿੱਤਾ ਜਾਵੇਗਾ। ਯੂਨੀਅਨ ਦੀ ਹੜਤਾਲ ਦੇ ਦੂਜੇ ਦਿਨ ਨਿਗਮ ਦੀਆਂ ਸਾਰੀਆਂ ਬ੍ਰਾਂਚਾਂ ਦੇ ਦਫ਼ਤਰਾਂ ’ਚ ਸੁੰਨ ਪਸਰੀ ਰਹੀ ਤੇ ਕੁਝ ਪੁਲੀਸ ਕਰਮਚਾਰੀ ਹੀ ਬੈਠੇ ਦਿਖਾਈ ਦਿੱਤੇ। ਹੜਤਾਲ ਕਾਰਨ ਲੋਕਾਂ ਦੇ ਕੰਮ ਨਹੀਂ ਹੋਏ। ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਨਿਗਮ ਦੀਆਂ ਗੱਡੀਆਂ ਖੜ੍ਹੀਆਂ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਵਿਰੋਧ ਪ੍ਰਦਰਸ਼ਨਾਂ ਕਾਰਨ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਵੀ ਪ੍ਰਭਾਵਿਤ ਹੋਈ ਹੈ।
ਨਗਰ ਨਿਗਮ ਦੇ ਕਰਮਚਾਰੀਆਂ ਨੇ ਸਟ੍ਰੀਟ ਵਿਕਰੇਤਾ ਫੀਸ ਵਸੂਲੀ ਨਿੱਜੀ ਕੰਪਨੀ ਨੂੰ ਤਬਦੀਲ ਕਰਨ ਦੇ ਵਿਰੋਧ ਵਿੱਚ ਹੜਤਾਲ ਕੀਤੀ। ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਬੀਤੀ ਰਾਤ 10 ਵਜੇ ਵੱਡੀ ਕਾਰਵਾਈ ਕਰਦਿਆਂ ਟੈਕਸ ਵਸੂਲੀ ਸ਼ਾਖਾ ਦੇ ਸੁਪਰਡੈਂਟ ਸਣੇ 21 ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ।

