Jalandhar-Hoshiarpur Road Accident:ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨਾਬਾਲਗ ਦੀ ਮੌਤ
ਰੋਹ ਵਿੱਚ ਆਏ ਪਰਿਵਾਰਿਕ ਮੈਂਬਰਾਂ ਨੇ ਮੁੱਖ ਮਾਰਗ ਜਾਮ ਕੀਤਾ; ਬੱਸ ਡਰਾੲੀਵਰ ਦੀ ਗ੍ਰਿਫ਼ਤਾਰੀ ਮਗਰੋਂ ਜਾਮ ਖੋਲ੍ਹਿਆ
ਇੱਥੇ ਸਵੇਰੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਮੁਹੱਲਾ ਗਾਜ਼ੀਪੁਰ ਨੇੜੇ ਬੱਸ ਹੇਠਾਂ ਆਉਣ ਨਾਲ ਪਿੰਡ ਚੂਹੜਵਾਲ਼ੀ ਦੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਆਦਮਪੁਰ ਮੁੱਖ ਮਾਰਗ ਜਾਮ ਕਰ ਦਿੱਤਾ। ਮ੍ਰਿਤਕ ਨੌਜਵਾਨ ਰਜਤ (17) ਦੇ ਪਿਤਾ ਸੁਰਜਨ ਲਾਲ ਤੇ ਚਾਚਾ ਸਰਵਨ ਲਾਲ ਵਾਸੀ ਪਿੰਡ ਚੂਹੜਵਾਲੀ ਨੇ ਦੱਸਿਆ ਅੱਜ ਉਨ੍ਹਾਂ ਦਾ ਪੁੱਤਰ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਲਈ ਪਿੰਡ ਤੋਂ ਮੋਟਰਸਾਇਕਲ ’ਤੇ ਕੁਝ ਸਮਾਨ ਲੈਣ ਲਈ ਆਇਆ ਸੀ। ਜਦ ਉਹ ਸਕੂਲ ਆਫ ਐਮੀਨੈਸ ਆਦਮਪੁਰ ਕੋਲ ਪੁੱਜਿਆ ਤਾਂ ਸਾਹਮਣੇ ਬੱਸ ਸਵਾਰੀਆਂ ਉਤਾਰ ਰਹੀ ਸੀ ਤਾਂ ਉਹ ਆਪਣਾ ਮੋਟਰਸਾਈਕਲ ਰੋਕ ਕੇ ਖੜ੍ਹ ਗਿਆ। ਇਸ ਦੌਰਾਨ ਜਲੰਧਰ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ ਬੀ 06 ਵੀ 7029 ਨੇ ਉਸ ਨੂੰ ਪਿਛਿਓਂ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਲ ‘ਆਪ’ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਕਰਨ ਸਿੰਘ, ਗੁਰੂ ਰਵਿਦਾਸ ਨਾਮਲੇਵਾ ਸੰਸਥਾਵਾਂ, ਡਾ. ਬੀ ਆਰ ਅੰਬੇਡਕਰ ਸੰਸਥਾਵਾਂ ਦੇ ਆਗੂਆਂ ਨੇ ਮਿਗਲਾਨੀ ਹਸਪਤਾਲ ਦੇ ਸਾਹਮਣੇ ਆਦਮਪੁਰ ਮੁੱਖ ਮਾਰਗ ਜਾਮ ਕਰ ਆਦਮਪੁਰ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਬੱਸ ਡਰਾਈਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਜਾਮ ਨਹੀਂ ਖੁੱਲ੍ਹੇਗਾ। ਕਰੀਬ 4 ਘੰਟਿਆ ਬਾਅਦ 12.30 ਵਜੇ ਜਾਮ ਕੀਤਾ ਰੋਡ ਖੋਲ੍ਹਿਆ ਗਿਆ। ਮੌਕੇ ਤੇ ਪਹੁੰਚੇ ਡੀ ਐੱਸ ਪੀ ਆਦਮਪੁਰ ਰਾਜੀਵ ਕੁਮਾਰ, ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।

