ਨਹਿਰੀ ਸਿਸਟਮ ਅਧੀਨ 3.73 ਕਰੋੜ ਨਾਲ ਸਿੰਜਾਈ ਪ੍ਰਾਜੈਕਟ ਮੁਕੰਮਲ
ਪੰਜਾਬ ਦੇ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੱਕ ਵੱਧ ਤੋਂ ਵੱਧ ਨਹਿਰੀ ਪਾਣੀ ਪਹੁੰਚਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਗੜ੍ਹਸ਼ੰਕਰ...
ਪੰਜਾਬ ਦੇ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੱਕ ਵੱਧ ਤੋਂ ਵੱਧ ਨਹਿਰੀ ਪਾਣੀ ਪਹੁੰਚਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਬਿਸਤ ਦੋਆਬ ਅਤੇ ਕੰਢੀ ਨਹਿਰੀ ਸਿਸਟਮ ਅਧੀਨ 3.73 ਕਰੋੜ ਰੁਪਏ ਨਾਲ ਸਿੰਜਾਈ ਸਬੰਧੀ ਕੰਮ ਮੁਕੰਮਲ ਕੀਤੇ ਗਏ ਹਨ। ਸ੍ਰੀ ਗੋਇਲ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿੱਚ ਪਿੰਡ ਡੇਰੋਂ ਵਿੱਚ ਇਨ੍ਹਾਂ ਕੰਮਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਮਾਂਡ ਏਰੀਆ ਡਿਵੈਲਪਮੈਂਟ ਅਧੀਨ ਬਿਸਤ ਦੋਆਬ ਨਹਿਰ ਅਤੇ ਗਰਾਊਂਡ ਵਾਟਰ ਡਿਵੀਜ਼ਨ, ਜਲੰਧਰ ਤਹਿਤ 8.60 ਕਿਲੋਮੀਟਰ ਪੱਕੇ ਖਾਲਾਂ ’ਤੇ 199 ਲੱਖ ਰੁਪਏ ਅਤੇ 16.93 ਕਿਲੋਮੀਟਰ ਭੂਮੀਗਤ ਪਾਈਪਲਾਈਨ ’ਤੇ 174.41 ਲੱਖ ਰੁਪਏ ਖਰਚ ਕੀਤੇ ਗਏ ਹਨ। ਕੁੱਲ 25.53 ਕਿਲੋਮੀਟਰ ਲੰਬਾਈ ਦੇ ਇਨ੍ਹਾਂ ਕੰਮਾਂ ਨਾਲ 18 ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਨਾਲ ਨਹਿਰੀ ਸਿੰਜਾਈ ਅਧੀਨ ਰਕਬਾ 2658 ਏਕੜ ਤੋਂ ਵਧ ਕੇ 3880 ਏਕੜ ਹੋ ਗਿਆ ਹੈ। ਇਸ ਤਰ੍ਹਾਂ 1222 ਏਕੜ ਵਾਧੂ ਰਕਬਾ ਪਹਿਲੀ ਵਾਰ ਨਹਿਰੀ ਪਾਣੀ ਨਾਲ ਸਿੰਜਾਈ ਦੇ ਦਾਇਰੇ ਵਿੱਚ ਆਇਆ ਹੈ। ਇਸ ਤੋਂ ਇਲਾਵਾ ਜਲੰਧਰ ਬ੍ਰਾਂਚ ਦੀ ਆਰ ਡੀ 43140/ਐੱਲ ’ਤੇ ਨਹਿਰੀ ਐਸਕੇਪ ਦਾ ਪਾਣੀ ਸਿਬਲੀ ਡਰੇਨ ਵਿੱਚ ਰੀਚਾਰਜਿੰਗ ਲਈ ਛੱਡਿਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਐਸਟੀਪੀ ਗੜ੍ਹਸ਼ੰਕਰ ਦੇ 3 ਐੱਮ ਐੱਲ ਡੀ ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਜਾਈ ਲਈ ਵਰਤਣ ਸਬੰਧੀ ਯੋਜਨਾ ਦਾ ਉਦਘਾਟਨ ਵੀ ਕੀਤਾ ਜਿਸਦੀ ਕੁੱਲ ਲਾਗਤ 161 ਲੱਖ ਰੁਪਏ ਹੈ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਆਦਮਪੁਰ ਦੇ ਪਿੰਡਾਂ ਲਈ ਸਿੰਜਾਈ ਪ੍ਰਾਜੈਕਟ ਦਾ ਉਦਘਾਟਨ
ਜਲੰਧਰ (ਹਤਿੰਦਰ ਮਹਿਤਾ): ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਹਲਕਾ ਆਦਮਪੁਰ ਦੇ ਪਿੰਡਾਂ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਸਤੇ 6.67 ਕਰੋੜ ਰੁਪਏ ਨਾਲ ਮੁਕੰਮਲ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਦੀ ਮੌਜੂਦਗੀ ਵਿੱਚ ਪਿੰਡ ਚੂਹੜਵਾਲੀ ’ਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਉਪਰੰਤ ਸ੍ਰੀ ਗੋਇਲ ਨੇ ਦੱਸਿਆ ਕਿ ਹਲਕਾ ਆਦਮਪੁਰ ਵਿੱਚ ਬਿਸਤ ਦੁਆਬ ਨਹਿਰੀ ਸਿਸਟਮ ਅਧੀਨ 4.67 ਕਰੋੜ ਨਾਲ 20.81 ਕਿਲੋਮੀਟਰ ਲੰਬਾਈ ਵਾਲੇ ਪੱਕੇ ਖਾਲਿਆਂ ਦਾ ਕੰਮ ਮੁਕੰਮਲ ਕੀਤਾ ਗਿਆ ਹੈ ਅਤੇ 14.59 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਈਨ ਵਿਛਾਉਣ ’ਤੇ ਕਰੀਬ 2 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਚੇਅਰਮੈਨ ਸ੍ਰੀ ਟੀਨੂੰ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ।

