ਗ੍ਰਾਮ ਸਭਾਵਾਂ ਨੂੰ ਖੇਤੀ ਬਿੱਲਾਂ ਵਿਰੁੱਧ ਮਤੇ ਪਾਸ ਕਰਾਉਣ ਦਾ ਸੱਦਾ

ਗ੍ਰਾਮ ਸਭਾਵਾਂ ਨੂੰ ਖੇਤੀ ਬਿੱਲਾਂ ਵਿਰੁੱਧ ਮਤੇ ਪਾਸ ਕਰਾਉਣ ਦਾ ਸੱਦਾ

‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਦੇ ਆਗੂ ਗਿਆਨੀ ਕੇਵਲ ਸਿੰਘ ਜਲੰਧਰ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।              -ਫੋਟੋ : ਪੰਜਾਬੀ ਟਿ੍ਰਬਿਊਨ

ਪਾਲ ਸਿੰਘ ਨੌਲੀ
ਜਲੰਧਰ, 23 ਸਤੰਬਰ

ਪੰਜਾਬ ਦੇ ਲੋਕਾਂ ਨੇ ਖੇਤੀ ਬਿੱਲਾਂ ਵਿਰੁੱਧ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲਈ ਕਮਰਕੱਸੇ ਕੱਸ ਲਏ ਹਨ। ‘ਪਿੰਡ ਬਚਾਓ ਪੰਜਾਬ ਬਚਾਓ’  ਸੰਸਥਾ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਗ੍ਰਾਮ ਸਭਾਵਾਂ ਰਾਹੀਂ ਖੇਤੀ ਬਿੱਲਾਂ ਵਿਰੁੱਧ, ਬਿਜਲੀ ਸੋਧ ਬਿੱਲ, ਕਿਰਤ ਕੋਡ ਅਤੇ ਨਵੀਂ ਸਿੱਖਿਆ ਨੀਤੀ ਵਿਰੁੱਧ ਮਤੇ ਪਾਉਣ। ਸੰਸਥਾ ਨੇ ਪੰਜਾਬ ਦਿਵਸ ਮੌਕੇ 1 ਨਵੰਬਰ ਤੋਂ ਪੰਜਾਬ ਭਰ ਵਿਚ ਤਿੰਨ ਮਹੀਨਿਆਂ ਤੱਕ ਮਾਰਚ ਕਰਨ ਦਾ ਐਲਾਨ ਵੀ ਕੀਤਾ।

ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪ੍ਰੋ. ਜਗਮੋਹਨ ਸਿੰਘ, ਕਰਨੈਲ ਸਿੰਘ ਜਖੇਪਲ, ਤਰਸੇਮ ਜੋਧਾਂ ਅਤੇ ਪ੍ਰੋ. ਗਿਆਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਮੁਨਾਫੇ ਲਈ ਲੋਕਾਂ ਅਤੇ ਰਾਜਾਂ ਦੇ ਅਧਿਕਾਰ ਖੋਹ ਰਹੀ ਹੈ। ਖੇਤੀ ਬਿੱਲਾਂ ਦਾ ਨੁਕਸਾਨ ਕੇਵਲ ਕਿਸਾਨਾਂ ਨੂੰ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ। ਇਸ ਨਾਲ ਮੰਡੀਤੰਤਰ ਤਬਾਹ ਹੋ ਜਾਏਗਾ, ਜ਼ਖੀਰੇਬਾਜ਼ੀ ਨਾਲ ਪੈਦਾ ਹੋਣ ਵਾਲੀ ਮਹਿੰਗਾਈ ਨਾਲ ਗਰੀਬਾਂ ਲਈ ਅਨਾਜ ਦਾ ਹੀ ਸੰਕਟ ਪੈਦਾ ਹੋ ਜਾਵੇਗਾ। ਇਹ ਸਾਰੇ ਬਿੱਲ ਅਤੇ ਕਾਨੂੰਨ ਪੰਜਾਬ ਦੀ ਹੋਂਦ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਇਸ ਲਈ ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ ਵਿੱਚ ਤਬਦੀਲ ਕਰਨ ਦੀ ਲੋੜ ਹੈ। ਸਹੀ ਫੈਡਰਲ ਢਾਂਚੇ ਅਤੇ ਲੋਕਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਅੰਦੋਲਨ ਦਾ ਦਾਇਰਾ ਵੀ ਵਧਾਵੇਗੀ ਅਤੇ ਤਾਕਤਾਂ ਦੇ ਕੇਂਦਰੀਕਰਨ ਵਾਲਿਆਂ ਖਿਲਾਫ ਬਦਲ ਵੀ ਪੇਸ਼ ਕਰੇਗੀ।

ਆਗੂਆਂ ਨੇ ਦੱਸਿਆ ਕਿ ‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨ ਲਈ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਅੰਦੋਲਨ ਹੀ ਤਾਨਾਸ਼ਾਹੀ ਰੁਝਾਨ ਨੂੰ ਠੱਲ੍ਹ ਪਾ ਸਕਦਾ ਹੈ। ‘ਮਿਸ਼ਨ 22’ ਨੂੰ ਲੈ ਕੇ ਚੱਲੀਆਂ ਧਿਰਾਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ। ਪੰਜਾਬ ਨੂੰ ਬਚਾਉਣ ਲਈ ਇੱਕ ਬਦਲਵੇਂ ਏਜੰਡੇ ਦੀ ਲੋੜ ਹੈ। ਆਗੂਆਂ ਨੇ ਦੱਸਿਆ ਕਿ ਇੱਕ ਨਵੰਬਰ ਤੋਂ ਸ਼ੁਰੂ ਕੀਤੇ ਜਾਣ ਵਾਲੇ ਮਾਰਚ ਵਿੱਚ ਪੰਜਾਬ ਦੇ ਲੋਕਾਂ ਨਾਲ ਬਦਲਵੇਂ ਏਜੰਡੇ ਬਾਰੇ ਖੁੱਲ੍ਹ ਕੇ ਸੰਵਾਦ ਰਚਾਇਆ ਜਾਵੇਗਾ। ਉਨ੍ਹਾਂ ਸਭ ਜਥੇਬੰਦੀਆਂ ਅਤੇ ਲੋਕਾਂ ਨੂੰ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਦੇ ਮਤੇ ਪਾਉਣ ਤੇ ਮਾਰਚ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਡਾਕਟਰ ਸ਼ਾਮ ਸੁੰਦਰ ਦੀਪਤੀ, ਡਾਕਟਰ ਮੇਘਾ ਸਿੰਘ, ਦਰਸ਼ਨ ਸਿੰਘ ਧਨੇਠਾ, ਗੁਰਮੀਤ ਕੌਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All