
ਪਿੰਡ ਜਹਾਂਗੀਰ ’ਚ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਂਦੇ ਹੋਏ ਪੰਚਾਇਤ ਤੇ ਮਾਲ ਵਿਭਾਗ ਦੇ ਅਧਿਕਾਰੀ।
ਪਾਲ ਸਿੰਘ ਨੌਲੀ
ਜਲੰਧਰ, 25 ਮਈ
ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਚਲਾਈ ਮੁਹਿੰਮ ਤਹਿਤ ਅੱਜ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚੋਂ 157 ਏਕੜ ਤੋਂ ਵੱਧ ਜ਼ਮੀਨ ਦਾ ਰਕਬਾ ਛੁਡਵਾਇਆ ਗਿਆ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਲੌਦੀਪੁਰ ਵਿੱਚ 146 ਏਕੜ ਅਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਜਹਾਂਗੀਰ ਵਿਚ 11 ਏਕੜ ਤੋਂ ਵੱਧ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਆਦੇਸ਼ਾਂ ’ਤੇ ਨਜਾਇਜ਼ ਕਬਜ਼ਿਆਂ ਖਿਲਾਫ਼ ਜ਼ਿਲ੍ਹੇ ਵਿੱਚ ਕਾਰਵਾਈ ਲਗਾਤਾਰ ਜਾਰੀ ਹੈ ਜਿਸ ਤਹਿਤ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿੰਡ ਜਹਾਂਗੀਰ ਵਿਖੇ ਤਿੰਨ ਦਹਾਕੇ ਪੁਰਾਣਾ ਕਬਜ਼ਾ ਹਟਾਇਆ ਗਿਆ। ਐੱਸਡੀਐੱਮ ਨਕੋਦਰ ਰਣਦੀਪ ਸਿੰਘ ਹੀਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਬਜ਼ਾ ਲਗਪਗ 30 ਸਾਲ ਤੋਂ ਹੋਇਆ ਸੀ, ਜਿਸ ਨੂੰ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਣਦੀ ਕਾਰਵਾਈ ਕਰਕੇ ਛੁਡਵਾਇਆ ਗਿਆ। ਇਸ ਦੌਰਾਨ ਡਿਵੀਜ਼ਨ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਲੰਧਰ ਡਿਵੀਜ਼ਨ ਵਿੱਚ ਹੁਣ ਤੱਕ ਕੁੱਲ 1036 ਏਕੜ 3 ਕਨਾਲ 12 ਮਰਲੇ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਗਏ। ਨਕੋਦਰ ਦੇ ਪਿੰਡ ਜਹਾਂਗੀਰ ਵਿਖੇ 11 ਏਕੜ ਤੋਂ ਵੱਧ ਜ਼ਮੀਨ ’ਤੇ ਕਬਜ਼ਾ ਛੁਡਵਾਉਣ ਦੇ ਨਾਲ-ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਲੋਦੀਪੁਰ ਵਿਖੇ 146 ਏਕੜ 4 ਕਨਾਲ ਅਤੇ 1 ਮਰਲਾ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਜਲੰਧਰ ਦੇ ਨੂਰਮਹਿਲ ਬਲਾਕ ਦੇ ਪਿੰਡ ਮਹੇੜੂ ਅਤੇ ਭੋਗਪੁਰ ਬਲਾਕ ਦੇ ਪਿੰਡ ਬੂਲੇਵਾਲ ਵਿਖੇ ਵੀ ਵੱਡੀ ਪੱਧਰ ’ਤੇ ਕਬਜ਼ੇ ਛੁਡਵਾਏ ਗਏ ਹਨ।
ਇਸ ਮੌਕੇ ਪੰਚਾਇਤ ਅਫਸਰ ਜਰਨੈਲ ਸਿੰਘ, ਪੰਚਾਇਤ ਸਕੱਤਰ ਤਰਲੋਕ ਸਿੰਘ, ਸਰਪੰਚ ਹਰਦੇਵ ਸਿੰਘ ਔਜਲਾ, ਕਾਨੂੰਨਗੋ ਇਕਬਾਲ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਕਿਸਾਨਾਂ ਦਾ ਉਜਾੜਾ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿਆਂਗੇ: ਜਾਣੀਆ
ਸ਼ਾਹਕੋਟ (ਗੁਰਮੀਤ ਖੋਸਲਾ): ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਦੀ ਆੜ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਉਜਾੜੇ ਕਰਨ ਵੱਲ ਵਧ ਰਹੀ ਹੈ। ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਉਨ੍ਹਾਂ ਦੀ ਜਥੇਬੰਦੀ ਕਿਸੇ ਵੀ ਕੀਮਤ ’ਤੇ ਪੂਰਾ ਨਹੀ ਹੋਣ ਦੇਵੇਗੀ। ਇਹ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਪਿੰਡ ਜਹਾਂਗੀਰ ਵਿਖੇ ਪੰਚਾਇਤੀ ਜ਼ਮੀਨ ਛੁਡਾਉਣ ਲਈ ਦਖ਼ਲ ਪਾਉਣ ਆਏ ਅਧਿਕਾਰੀਆਂ ਦੇ ਵਿਰੋਧ ਵਿਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਅਬਾਦਕਾਰਾਂ,ਗਰੀਬ,ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਹੱਕਾਂ ਲਈ ਉਸ ਸਮੇਂ ਤੱਕ ਲੜਦੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀ ਹੋ ਜਾਂਦੀਆਂ।ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ,ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ੋਨ ਦੇ ਪ੍ਰਧਾਨ ਰਣਜੀਤ ਸਿੰਘ ਬੱਲ, ਸਤਨਾਮ ਸਿੰਘ ਰਾਈਵਾਲ, ਕੁਲਦੀਪ ਰਾਏ, ਨਿਰਮਲ ਸਿੰਘ ਢੰਡੋਵਾਲ, ਜਗਦੀਸ਼ਪਾਲ ਸਿੰਘ, ਗੁਰਪਾਲ ਸਿੰਘ,ਸੁਖਦੇਵ ਸਿੰਘ ਮੱਲ੍ਹੀ ਅਤੇ ਭੁਪਿੰਦਰ ਸਿੰਘ ਜਹਾਂਗੀਰ ਤੋਂ ਇਲਾਵਾ ਕਈ ਹੋਰ ਕਿਸਾਨਾਂ ਨੇ ਧਰਨੇ ਨੂੰ ਸੰਬੋਧਨ ਕੀਤਾ।
ਇੱਕ ਜੂਨ ਨੂੰ ਹੋਵੇਗੀ ਛੁਡਵਾਈ ਜ਼ਮੀਨ ਦੀ ਬੋਲੀ:ਬੀਡੀਪੀਓ
ਜਲੰਧਰ: ਨਜਾਇਜ਼ ਕਬਜ਼ੇ ਹੇਠੋਂ ਛੁਡਵਾਈ ਗਈ ਪੰਚਾਇਤੀ ਜ਼ਮੀਨ ਦੀ ਬੋਲੀ 1 ਜੂਨ ਨੂੰ ਰੱਖੀ ਗਈ ਹੈ। ਇਸ ਸਬੰਧੀ ਨਕੋਦਰ ਬਲਾਕ ਦੇ ਬੀਡੀਪੀਓ ਅਜੇ ਸਿੰਘ ਨੇ ਦੱਸਿਆ ਕਿ ਜਹਾਂਗੀਰ ਪਿੰਡ ਵਿੱਚ ਪੰਜ ਜਣਿਆਂ ਕੋਲ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਸੀ, ਜਿਹੜਾ ਕਿ ਛੁਡਵਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨਜਾਇਜ਼ ਕਾਬਜ਼ਕਾਰਾਂ ਵੱਲੋਂ ਕਬਜ਼ਾ ਰੁਕਵਾਉਣ ਲਈ ਕਿਸਾਨ ਯੂਨੀਅਨ ਦੇ ਆਗੂਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਕਿਸਾਨ ਆਗੂਆਂ ਨੂੰ ਸਾਰੀ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਹੀ ਮੰਨਿਆ। ਉਨ੍ਹਾਂ ਇਹ ਵੀ ਦੱਸਿਆ ਕਿ ਨਜਾਇਜ਼ ਕਬਜ਼ੇ ਹੇਠੋਂ ਛੁਡਵਾਈ ਗਈ ਪੰਚਾਇਤੀ ਜ਼ਮੀਨ ਦੀ ਬੋਲੀ 1 ਜੂਨ ਨੂੰ ਰੱਖੀ ਗਈ ਹੈ। ਡਿਵੀਜ਼ਨਲ ਡਿਪਟੀ ਡਾਇਰੈਕਟਰ ਜਗਵਿੰਦਰਜੀਤ ਸਿੰਘ ਸੰਧੂ ਨੇ ਸਪੱਸ਼ਟ ਕੀਤਾ ਕਿ ਪੰਚਾਇਤ ਦੀਆਂ ਜ਼ਮੀਨਾਂ ’ਤੇ ਇਕ ਇੰਚ ’ਤੇ ਵੀ ਨਜਾਇਜ਼ ਕਬਜ਼ਾ ਸਹਿਣ ਨਹੀਂ ਕੀਤਾ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ