ਜਗਜੀਤ ਸਿੰਘ
ਮੁਕੇਰੀਆਂ, 20 ਸਤੰਬਰ
ਪੁਲੀਸ ਤੇ ਮਾਈਨਿੰਗ ਵਿਭਾਗ ਵਲੋਂ ਰੇਤਾ ਬਜਰੀ ਲੈ ਕੇ ਆਉਂਦੇ ਟਰੈਕਟਰ ਟਰਾਲੀਆਂ ਤੇ ਭਾਰੀ ਵਾਹਨਾਂ ਦੇ ਮਾਮਲੇ ਵਿੱਚ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ। ਹਾਜੀਪੁਰ ਪੁਲੀਸ ਨੇ ਰੇਤਾ ਬਜਰੀ ਲੈ ਕੇ ਜਾ ਰਹੀਆਂ ਦੋ ਟਰੈਕਟਰ-ਟਰਾਲੀਆਂ ਦੇ ਮਾਲਕਾਂ ’ਤੇ ਮਾਈਨਿੰਗ ਮਿਨਰਲ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਜਦਕਿ ਬੀਤੀ ਰਾਤ ਮਾਈਨਿੰਗ ਪੁਲੀਸ ਵਲੋਂ ਤਲਵਾੜਾ ਵਿਖੇ ਰੇਤਾ ਬਜਰੀ ਸਮੇਤ ਫੜੇ ਓਵਰਲੋਡ ਵਾਹਨ ਨੂੰ ਕੇਵਲ ਓਵਰਲੋਡ ਦਾ ਚਲਾਨ ਕਰਕੇ ਨਬਿੇੜਨ ਦੇ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਇਲਾਕੇ ਅੰਦਰ ਲੱਗੇ ਕਰੀਬ ਦੋ ਦਰਜਨ ਤੋਂ ਵੱਧ ਕਰੱਸ਼ਰ ਕੱਚੇ ਮਾਲ ਦੀ ਸਹੀ ਜਾਣਕਾਰੀ ਨਾ ਦੇਣ ਕਰਕੇ ਸੀਲ ਕੀਤੇ ਹੋਏ ਹਨ। ਇਨ੍ਹਾਂ ਕਰੱਸ਼ਰਾਂ ਵਲੋਂ ਬਿਨਾਂ ਸਟਾਕ ਦੀ ਜਾਣਕਾਰੀ ਦਿੱਤੇ ਕੱਚੇ ਤੇ ਤਿਆਰ ਮਾਲ ਵਿੱਚਲਾ ਖੱਪਾ ਨਬਿੇੜਨ ਲਈ ਲਗਾਤਾਰ ਅੱਗੇ ਵੇਚਿਆ ਜਾ ਰਿਹਾ ਹੈ।ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਟਰਾਲਾ ਚਾਲਕ ਕੋਲ ਰੇਤਾ ਬਜਰੀ ਦਾ ਬਿੱਲ ਸੀ, ਪਰ ਕੋਈ ਗੱਡੀ ਦਾ ਦਸਤਾਵੇਜ਼ ਨਾ ਹੋਣ ਕਾਰਨ ਉਸਨੂੰ ਜ਼ਬਤ ਕੀਤਾ ਗਿਆ ਸੀ। ਮਾਈਨਿੰਗ ਅਧਿਕਾਰੀ ਗਗਨ ਕੁਮਾਰ ਨੇ ਕਿਹਾ ਕਿ ਜਾਂਚ ਉਪਰੰਤ ਬਣਦੀ ਕਾਰਵਾਈ ਕਰਨਗੇ।
ਅਜਨਾਲਾ (ਪੱਤਰ ਪ੍ਰੇਰਕ): ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਵੀ ਇਲਾਕੇ ਅੰਦਰ ਜ਼ੋਰਾਂ ਨਾਲ ਰੇਤ ਦੀ ਪਾਬੰਦੀਸ਼ੁਦਾ ਖੱਡਾਂ ਵਿਚ ਰੇਤਾ ਕੱਢ ਕੇ ਵੇਚਣ ਦਾ ਕਾਰੋਬਾਰ ਜ਼ੋਰਾਂ ’ਤੇ ਹੈ। ਬੀਤੀ ਰਾਤ ਥਾਣਾ ਰਮਦਾਸ ਦੀ ਪੁਲੀਸ ਨੇ ਸਰਹੱਦੀ ਪਿੰਡ ਗਾਲਬਿ ਨੇੜੇ ਨਾਕਾਬੰਦੀ ਕਰਕੇ ਦੋ ਰੇਤ ਦੇ ਭਰੇ ਟਰੱਕਾਂ ਨੂੰ ਕਬਜ਼ੇ ਹੇਠ ਲਿਆ। ਜਦੋਂਕਿ ਪੁਲੀਸ ਪਾਰਟੀ ਨੂੰ ਵੇਖ ਕੇ ਟਰੱਕਾਂ ਵਿਚ ਬੈਠੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਦੋ ਟਰੈਕਟਰ ਤੇ ਤਿੰਨ ਟਰਾਲੀਆਂ ਜ਼ਬਤ
ਸ਼ਾਹਕੋਟ (ਪੱਤਰ ਪ੍ਰੇਰਕ): ਐਸ.ਐਚ.ਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਪਿੰਡ ਚੱਕ ਬਾਹਮਣੀਆਂ ਨਜ਼ਦੀਕ ਦਰਿਆ ਸਤਲੁਜ ਵਿਚ ਛਾਪਾਮਾਰੀ ਕਰਕੇ ਗੈਰ ਕਾਨੂੰਨੀ ਤੌਰ ’ਤੇ ਰੇਤੇ ਭਰ ਰਹੀਆਂ 2 ਟਰੈਕਟਰ ਤੇ ਤਿੰਨ ਟਰਾਲੀਆਂ ਫੜੀਆਂ ਪਰ ਮੁਲਜ਼ਮ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ।