Illegal Mining: ਜੇਜੋਂ ਦੀ ਖੱਡ ’ਚ ਪਾਣੀ ਆਉਣ ਕਾਰਨ ਲੋਕ ਸਹਿਮੇ
ਗੈ਼ਰ-ਕਾਨੂੰਨੀ ਖਣਨ ਕਾਰਨ ਮੀਂਹ ਦਾ ਪਾਣੀ ਲੋਕਾਂ ਲੲੀ ਬਣ ਰਿਹਾ ਹੈੈ ਮੁਸੀਬਤ; ਹਡ਼੍ਹ ਤੋਂ ਬਚਾਅ ਦੇ ਅਗਾੳੂਂ ਪ੍ਰਬੰਧ ਕਰਨ ਦੀ ਮੰਗ
ਸਥਾਨਕ ਨੀਮ ਪਹਾੜੀ ਖੇਤਰ ਵਿੱਚ ਮੀਂਹ ਨਾਲ ਕਸਬਾ ਜੇਜੋਂ ਦੀ ਖੱਡ ਵਿੱਚ ਪਾਣੀ ਆਉਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ 11 ਅਗਸਤ 2024 ਨੂੰ ਹਿਮਾਚਲ ਪ੍ਰਦੇਸ਼ ਤੋਂ ਜੇਜੋਂ ਨੇੜਿਓਂ ਲੰਘਦੀ ਇਸ ਖੱਡ ਵਿੱਚ ਭਾਰੀ ਪਾਣੀ ਆਉਣ ਨਾਲ ਵਿਆਹ ਸਮਾਰੋਹ ਵਿਚ ਜਾ ਰਹੇ ਗਿਆਰਾਂ ਵਿਅਕਤੀਆਂ ਦੀ ਕਾਰ ਖੱਡ ਵਿੱਚ ਰੁੜ੍ਹ ਗਈ ਸੀ, ਜਿਨ੍ਹਾਂ ਦੀਆਂ ਲਾਸ਼ਾਂ ਤਿੰਨ ਦਿਨਾਂ ਬਾਅਦ ਮਿਲੀਆਂ ਸਨ। ਸੂਬਾ ਸਰਕਾਰ ਵੱਲੋਂ ਹਾਦਸੇ ਉਪਰੰਤ ਇਸ ਖੱਡ ਵਾਲੀ ਥਾਂ ’ਤੇ ਪੁਲ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਵਫਾ ਨਹੀਂ ਹੋਇਆ। ਹੁਣ ਬਰਸਾਤ ਦੀ ਪਹਿਲੇ ਮੀਂਹ ਨਾਲ ਭਰ ਕੇ ਆਈ ਇਸ ਖੱਡ ਨੇ ਲੋਕਾਂ ਨੂੰ ਮੁੜ ਫਿਕਰਾਂ ਵਿੱਚ ਪਾ ਦਿਤਾ ਹੈ। ਦੱਸਣਯੋਗ ਹੈ ਕਿ ਪਿਛਲੇ ਕਰੀਬ ਦਸ ਸਾਲਾਂ ਤੋਂ ਗੜ੍ਹਸ਼ੰਕਰ ਤਹਿਸੀਲ ਦੇ ਸ਼ਿਵਾਲਕ ਪਹਾੜਾਂ ਵਿੱਚ ਮਾਈਨਿੰਗ ਮਾਫੀਆ ਵੱਡੀ ਪੱਧਰ ’ਤੇ ਸਰਗਰਮ ਹੈ। ਇਸ ਨਾਲ ਖੱਡਾਂ ,ਚੋਆਂ ਦੇ ਕੁਦਰਤੀ ਰਸਤੇ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਮੀਂਹ ਦਾ ਪਾਣੀ ਵੱਡੀ ਪੱਧਰ ’ਤੇ ਨੇੜਲੇ ਪਿੰਡਾਂ ਵਿੱਚ ਤਬਾਹੀ ਮਚਾਉਂਦਾ ਹੈ। ਇਸ ਦਾ ਖਮਿਆਜ਼ਾ ਪਿਛਲੇ ਕਈ ਸਾਲਾਂ ਤੋਂ ਕਸਬਾ ਜੇਜੋਂ ਤੋਂ ਮਾਹਿਲਪੁਰ, ਜੇਜੋਂ ਤੋਂ ਗੜ੍ਹਸ਼ੰਕਰ ਅਤੇ ਬੀਤ ਇਲਾਕੇ ਦੇ ਕਰੀਬ ਪੰਜਾਹ ਪਿੰਡ ਭੁਗਤ ਰਹੇ ਹਨ। ਪਿੰਡ ਰਾਮਪੁਰ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਅਨੁਸਾਰ ਮਾਈਨਿੰਗ ਮਾਫ਼ੀਆ ਦੀਆਂ ਗਤੀਵਿਧੀਆਂ ਨਾਲ ਕੰਢੀ ਨਹਿਰ ਦੀ ਪਟੜੀ ਵੀ ਹੇਠਾਂ ਧਸ ਗਈ ਹੈ ਅਤੇ ਇਹ ਨਹਿਰ ਬਰਸਾਤ ਵਿੱਚ ਹਰ ਸਾਲ ਕਈ ਥਾਵਾਂ ਤੋਂ ਟੁੱਟਦੀ ਹੈ ਜਿਸ ਨਾਲ ਫਸਲਾਂ ਬਰਬਾਦ ਹੁੰਦੀਆਂ ਹਨ। ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਪੱਖੋਵਾਲ, ਰਾਮਪੁਰ, ਬਿਲੜੋਂ, ਗੱਜਰ, ਬੀਹੜਾਂ ਆਦਿ ਪਿੰਡਾਂ ਦੀਆਂ ਲਿੰਕ ਸੜਕਾਂ ਵਿੱਚ ਪਏ ਪਾੜ ਲੋਕਾਂ ਨੇ ਮਿੱਟੀ ਪਾ ਕੇ ਭਰ ਦਿੱਤੇ ਸਨ ਪਰ ਸਾਲ ਲੰਘਣ ਤੋਂ ਬਾਅਦ ਵੀ ਇਨ੍ਹਾਂ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਇਸ ਸਾਲ ਮੁੜ ਸੜਕਾਂ ਵਿਚ ਪਾੜ ਪੈਣ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਰਾਮਪੁਰ ਤੋਂ ਕਿਸਾਨ ਸੁਖਵਿੰਦਰ ਸਿੰਘ ਅਨੁਸਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਜੇਜੋਂ- ਗੜ੍ਹਸ਼ੰਕਰ ਸੜਕ ਹਰ ਸਾਲ ਬਰਸਾਤੀ ਪਾਣੀ ਦੀ ਭੇਟ ਚੜ੍ਹਦੀ ਹੈ ਅਤੇ ਪਿਛਲੇ ਸਾਲ ਵੀ ਇਸ ਸੜਕ ਵਿੱਚ ਪਏ ਕਰੀਬ 50 ਫੁੱਟ ਦੇ ਪਾੜ ਨਾਲ ਪੰਜਾਬ ਦਾ ਹਿਮਾਚਲ ਪ੍ਰਦੇਸ਼ ਤੋਂ ਸੰਪਰਕ ਟੁੱਟਿਆ ਰਿਹਾ। ਇਸ ਸੜਕ ਨੂੰ ਲੋਕਾਂ ਨੇ ਮਿੱਟੀ ਨਾਲ ਭਰ ਕੇ ਮੁੜ ਚਾਲੂ ਕੀਤਾ ਸੀ ਪਰ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਸ ਪਾਸੇ ਸੜਕ ਦਾ ਕੋਈ ਨਵੀਨੀਕਰਨ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮਾਈਨਿੰਗ ਮਾਫੀਆਂ ‘ਤੇ ਨੱਥ ਨਾਈ ਜਾਵੇ ਅਤੇ ਹੜ੍ਹ ਤੋਂ ਬਚਾਅ ਦੇ ਅਗਾਊ ਪ੍ਰਬੰਧ ਨਿਸ਼ਚਿਤ ਕੀਤੇ ਜਾਣ।
ਫੰਡਾਂ ਦੀ ਘਾਟ ਕਾਰਨ ਕਈ ਪ੍ਰਾਜੈਕਟ ਰੁਕੇ: ਐੱਸ ਡੀ ਓ
ਪੰਜਾਬ ਮੰਡੀ ਬੋਰਡ ਦੇ ਐੱਸ ਡੀ ਓ ਅਮਨ ਮਹਿਰਾ ਨੇ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਕਈ ਪ੍ਰਾਜੈਕਟ ਰੁਕੇ ਹੋਏ ਹਨ ਜਦਕਿ ਹੜ੍ਹਾਂ ਨਾਲ ਪ੍ਰਭਾਵਿਤ ਸੜਕਾਂ ਦੇ ਨਵੀਨੀਕਰਨ ਦੀਆਂ ਤਜਵੀਜ਼ਾਂ ਭੇਜੀਆਂ ਜਾ ਚੁੱਕੀਆਂ ਹਨ।

