Illegal Mining Near Shah Nehar Canal: ਸਰਕਾਰੀ ਜ਼ਮੀਨ ’ਤੇ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਪੁਲੀਸ ਦੀ ਕਾਰਵਾਈ ਨੂੰ ਖਾਨਾਪੂਰਤੀ ਦੱਸਿਆ
ਪੁਲੀਸ ਨੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਖੁਦਾਈ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਚੱਕਮੀਰਪੁਰ ਦੇ ਨਜ਼ਦੀਕ ਹਿਮਾਚਲ ਪ੍ਰਦੇਸ਼ ਨੂੰ ਜਾਂਦੀ ਲੈਫਟ ਬੈਂਕ ਕਨਾਲ (ਐੱਲ ਬੀ ਸੀ) ਸ਼ਾਹ ਨਹਿਰ ਦੇ ਪਿੱਲਰਾਂ ਕੋਲ ਖਣਨ ਮਾਫ਼ੀਆ ਵੱਲੋਂ ਕਥਿਤ ਖੁਦਾਈ ਕੀਤੀ ਗਈ ਹੈ ਜਿਸ ਨਾਲ ਨਹਿਰ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਮਾਈਨਿੰਗ ਵਿਭਾਗ ਦੇ ਜੇ ਈ-ਕਮ-ਨਿਰੀਖਕ ਮੁਕੇਰੀਆਂ ਨਿਤੀਸ਼ ਕੁਮਾਰ ਦੇ ਬਿਆਨਾਂ ’ਤੇ ਤਲਵਾੜਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉੱਧਰ, ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਪਿੰਡ ਚੱਕਮੀਰਪੁਰ ਨੇ ਪੁਲੀਸ ਦੀ ਕਾਰਵਾਈ ਨੂੰ ਖਾਨਾਪੂਰਤੀ ਦੱਸਿਆ ਹੈ। ਸੰਘਰਸ਼ ਕਮੇਟੀ ਦੇ ਆਗੂ ਲੈਕਚਰਾਰ (ਰਿਟਾ.) ਸੁਰਿੰਦਰ ਸਿੰਘ, ਰਮੇਸ਼ ਲਾਲ, ਜੋਗਿੰਦਰਪਾਲ, ਰਾਕੇਸ਼ ਕੁਮਾਰ, ਸੁਭਾਸ਼ ਚੰਦ ਅਤੇ ਅਰਜੁਨ ਸਿੰਘ ਨੇ ਦੱਸਿਆ ਕਿ ਪੁਲ ਥੱਲਿਓਂ ਪਿੰਡ ਦੇ ਨਜ਼ਦੀਕ ਬਿਆਸ ਦਰਿਆ ’ਚ ਚੱਲਦੇ ਕਰੱਸ਼ਰ ਮਾਲਕਾਂ ਨੇ ਰਸਤਾ ਬਣਾਇਆ ਹੈ। ਦਰਅਸਲ, ਸਰਹੱਦੀ ਸੂਬਾ ਹਿਮਾਚਲ ਪ੍ਰਦੇਸ਼ ’ਚੋਂ ਉਕਤ ਕਰੱਸ਼ਰਾਂ ਦੀਆਂ ਗੱਡੀਆਂ ਦਾ ਲਾਂਘਾ ਸ਼ਿਮਲਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਗੱਡੀਆਂ ਦੇ ਲਾਂਘੇ ਲਈ ਕਰੱਸ਼ਰ ਮਾਲਕਾਂ ਨੇ ਇਹ ਕਥਿਤ ਰਸਤਾ ਬਣਾਇਆ ਹੈ। ਸੰਘਰਸ਼ ਕਮੇਟੀ ਨੇ ਕਰੱਸ਼ਰਾਂ ਦੀ ਆਵਾਜਾਈ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।

