ਮਹਿਦੂਦ ਦੇ ਜੰਗਲ ’ਚੋਂ ਨਾਜਾਇਜ਼ ਕਟਾਈ

ਮਹਿਦੂਦ ਦੇ ਜੰਗਲ ’ਚੋਂ ਨਾਜਾਇਜ਼ ਕਟਾਈ

ਜੰਗਲ ਵਿਚੋਂ ਕੱਟੇ ਦਰੱਖਤਾਂ ਦਿਖਾਉਂਦੇ ਹੋਏ ਪਿੰਡ ਮਹਿਦੂਦ ਦੇ ਵਸਨੀਕ।

ਜੇ.ਬੀ. ਸੇਖੋਂ
ਗੜ੍ਹਸ਼ੰਕਰ, 14 ਜੁਲਾਈ

ਤਹਿਸੀਲ ਦੇ ਨੀਮ ਪਹਾੜੀ ਪਿੰਡ ਮਹਿਦੂਦ ਦੇ ਜੰਗਲ ਵਿੱਚੋਂ ਹਰੇ-ਭਰੇ ਦਰੱਖਤ ਕੱਟੇ ਜਾਣ ’ਤੇ ਪਿੰਡ ਦੀ ਪੰਚਾਇਤ ਨੇ ਰੋਸ ਜ਼ਾਹਿਰ ਕੀਤਾ ਹੈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਗਾਰਡ ’ਤੇ ਦਰੱਖਤ ਕਟਵਾਉਣ ਦਾ ਦੋਸ਼ ਲਾਇਆ ਗਿਆ ਹੈ।

ਇਸ ਬਾਰੇ ਗੱਲ ਕਰਦਿਆਂ ਪਿੰਡ ਦੇ ਸਰਪੰਚ ਬਲਵਿੰਦਰ ਦੇਵੀ, ਪੰਚਾਇਤ ਦੇ ਮੈਂਬਰ ਰਾਕੇਸ਼ ਕੁਮਾਰ, ਸੁਰਜੀਤ ਰਾਮ, ਗੀਤਾ ਦੇਵੀ ਤੇ ਦਵਿੰਦਰ ਕੌਰ ਨੇ ਕਿਹਾ ਕਿ ਜੰਗਲ ਵਿੱਚੋਂ ਹਰੇ-ਭਰੇ ਦਰੱਖਤ ਕੱਟਣ ਬਾਰੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਪਤਾ ਲੱਗਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਦਰੱਖਤਾਂ ਨੂੰ ਜੰਗਲਾਤ ਵਿਭਾਗ ਦੇ ਗਾਰਡ ਵੱਲੋਂ ਕਟਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਗਾਰਡ ਨੂੰ ਫੋਨ ਕਰਨ ’ਤੇ ਉਸ ਨੇ ਬਦਸਲੂਕੀ ਨਾਲ ਗੱਲ ਕੀਤੀ ਅਤੇ ਪੰਚਾਇਤ ਨੂੰ ਹੀ ਇਸ ਦਾ ਦੋਸ਼ੀ ਦੱਸਣ ਲੱਗਾ।

ਇਸ ਬਾਰੇ ਸਬੰਧਤ ਗਾਰਡ ਹਰਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਤੋਂ ਕੁੱਝ ਦਰੱਖਤ ਕਟਵਾਏ ਗਏ ਸਨ ਪਰ ਇਸ ਦੇ ਕਾਰਨਾਂ ਬਾਰੇ ਉਹ ਤਸੱਲੀਬਖ਼ਸ਼ ਉੱਤਰ ਨਾ ਦੇ ਸਕੇ। ਪੰਚਾਇਤ ਵਲੋਂ ਇਸ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ। ਵਣ ਰੇਂਜਰ ਰਾਮਪਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਬਾਰੇ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All