Illegal Colony Action: ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਦਾ ਕੰਮ ਰੁਕਵਾਇਆ
ਨਗਰ ਨਿਗਮ ਦੇ ਮਿਉਂਸੀਪਲ ਟਾਊਨ ਪਲਾਨਿੰਗ ਵਿਭਾਗ ਵੱਲੋਂ ਝਬਾਲ ਰੋਡ ’ਤੇ ਪੰਨੂ ਡੇਅਰੀ ਨੇੜੇ ਬਣਾਈ ਜਾ ਰਹੀ ਨਾਜਾਇਜ਼ ਕਲੋਨੀ ਦਾ ਕੰਮ ਰੁਕਵਾ ਕੇ ਉੱਥੇ ਚਿਤਾਵਨੀ ਬੋਰਡ ਲਾ ਦਿੱਤਾ ਗਿਆ ਹੈ। ਨਿਗਮ ਵੱਲੋਂ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਡਿਵੈਲਪਰ ਵੱਲੋਂ...
ਨਗਰ ਨਿਗਮ ਦੇ ਮਿਉਂਸੀਪਲ ਟਾਊਨ ਪਲਾਨਿੰਗ ਵਿਭਾਗ ਵੱਲੋਂ ਝਬਾਲ ਰੋਡ ’ਤੇ ਪੰਨੂ ਡੇਅਰੀ ਨੇੜੇ ਬਣਾਈ ਜਾ ਰਹੀ ਨਾਜਾਇਜ਼ ਕਲੋਨੀ ਦਾ ਕੰਮ ਰੁਕਵਾ ਕੇ ਉੱਥੇ ਚਿਤਾਵਨੀ ਬੋਰਡ ਲਾ ਦਿੱਤਾ ਗਿਆ ਹੈ। ਨਿਗਮ ਵੱਲੋਂ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਡਿਵੈਲਪਰ ਵੱਲੋਂ ਇੱਥੇ ਉਸਾਰੀ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੋਇਆ ਸੀ, ਜਿਸ ਕਾਰਨ ਵਿਭਾਗ ਨੂੰ ਇਹ ਕਾਰਵਾਈ ਕਰਨੀ ਪਈ।
ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਨਿਰਦੇਸ਼ਾਂ ਉੱਤੇ ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਗਈ। ਐਨਫੋਰਸਮੈਂਟ ਟੀਮ, ਜਿਸ ਵਿੱਚ ਵਰਿੰਦਰ ਮੋਹਨ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਅਤੇ ਹੋਰ ਸਟਾਫ਼ ਸ਼ਾਮਲ ਸੀ, ਨੇ ਮੌਕੇ ਦਾ ਨਿਰੀਖਣ ਕਰ ਕੇ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਕਸ਼ਨ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਡਿਵੈਲਪਰਾਂ ਨੂੰ ਕੰਮ ਬੰਦ ਕਰਨ ਦੇ ਨੋਟਿਸ ਦਿੱਤੇ ਗਏ ਸਨ, ਪਰ ਉਨ੍ਹਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ। ਲੋਕਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਨਗਰ ਨਿਗਮ ਨੇ ਮੌਕੇ ਉੱਤੇ ਇੱਕ ਚਿਤਾਵਨੀ ਬੋਰਡ ਲਾਇਆ ਹੈ। ਇਸ ਬੋਰਡ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਇਸ ਨਾਜਾਇਜ਼ ਕਲੋਨੀ ਵਿੱਚ ਕੋਈ ਪਲਾਟ ਨਾ ਖਰੀਦਣ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਲੈਣ-ਦੇਣ ਕਰਨ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਲੋਨੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਪ੍ਰਵਾਨਗੀਆਂ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ। ਕਮਿਸ਼ਨਰ ਅਤੇ ਵਧੀਕ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਦੇ ਯੋਜਨਾਬੱਧ ਵਿਕਾਸ ਲਈ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇ।

