ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤੇ ਜਾ ਰਹੇ ਧਰਨੇ ਦੇ ਸੌ ਦਿਨ ਪੂਰੇ ਹੋ ਚੁੱਕੇ ਹਨ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ, ਪਰਮਿੰਦਰ ਸਿੰਘ ਲਾਚੋਵਾਲ ਅਤੇ ਉਂਕਾਰ ਸਿੰਘ ਧਾਮੀ ਨੇ ਕਿਹਾ ਕਿ ਕਿਸਾਨਾਂ ਦਾ ਸੌ ਦਿਨ ਦਾ ਇਤਿਹਾਸ ਬੇਮਿਸਾਲ ਰਿਹਾ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਦਿਨ ਰਾਤ ਦਿੱਤਾ ਜਾ ਰਿਹਾ ਧਰਨਾ ਅੱਜ 66ਵੇਂ ਦਿਨ ’ਚ ਪਹੁੰਚ ਚੁੱਕਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ਨਾਲ ਕੀਤੀਆਂ ਜਾਂਦੀਆਂ ਮੀਟਿੰਗਾਂ ਦੌਰਾਨ ਅਪਣਾਈ ਜਾ ਰਹੀ ਤਰਕਹੀਣ ਪਹੁੰਚ ਦੇਸ਼ ਦੇ ਵਡੇਰੇ ਹਿੱਤਾਂ ਲਈ ਹਾਨੀਕਾਰਕ ਹੈ।