ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਦਾ ਅਹੁਦਾ ਇਸ ਵਾਰੀ ਜਨਰਲ ਵਰਗ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਥਾਨਕ ਸਰਕਾਰ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ।
ਪਿਛਲੀ ਵਾਰ ਇਹ ਅਹੁਦਾ ਅਨੁਸੂਚਿਤ ਜਾਤੀ ਦੇ ਉਮੀਦਵਾਰ ਲਈ ਰਾਖਵਾਂ ਸੀ। ਹਾਲਾਂਕਿ ਸੀਟ ਓਪਨ ਹੋਣ ਕਰਕੇ ਐੱਸ ਸੀ ਤੇ ਬੀ ਸੀ ਵਰਗ ਦੇ ਉਮੀਦਵਾਰਾਂ ’ਚੋਂ ਵੀ ਕਿਸੇ ਨੂੰ ਚੁਣਿਆ ਜਾ ਸਕਦਾ ਹੈ ਪਰ ਇਸ ਨਾਲ ਰਾਖਵਾਂਕਰਨ ਦਾ ਮਾਇਨਾ ਹੀ ਖਤਮ ਹੋ ਜਾਵੇਗਾ। ਰਾਖਵਾਂਕਰਨ ਹੋਣ ਕਰਕੇ ਇਸ ਗੱਲ ਦੀ ਅਹਿਮੀਅਤ ਨਹੀਂ ਰਹਿੰਦੀ ਕਿ ਉਮੀਦਵਾਰ ਕਿੰਨਾ ਸੀਨੀਅਰ ਜਾਂ ਤਜ਼ਰਬੇਕਾਰ ਹੈ। ਸੀਨੀਆਰਤਾ ਦੇ ਹਿਸਾਬ ਨਾਲ ਸਾਬਕਾ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਸਭ ਤੋਂ ਅੱਗੇ ਹਨ ਪਰ ਇਹ ਕ੍ਰਮਵਾਰ ਐੱਸ ਸੀ ਤੇ ਬੀ ਸੀ ਸ਼੍ਰੇਣੀ ਨਾਲ ਸਬੰਧਤ ਹਨ ਪਰ ਜਨਰਲ ਵਰਗ ਲਈ ਸੀਟ ਹੋਣ ਕਰਕੇ ਇਹ ਦੌੜ ’ਚੋਂ ਬਾਹਰ ਹੋ ਗਏ ਹਨ। ਨੋਟੀਫ਼ਿਕੇਸ਼ਨ ਹੋਣ ਮਗਰੋਂ ਮੇਅਰ ਬਣਨ ਦੇ ਚਾਹਵਾਨ ਸਰਗਰਮ ਹੋ ਗਏ ਹਨ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਵਿਚ ਮੇਅਰ ਦੇ ਮੁੱਦੇ ’ਤੇ ਕਾਫ਼ੀ ਮਦਭੇਦ ਹਨ। ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਪਸੰਦ ਵੱਖਰੀ ਹੈ ਜਦੋਂਕਿ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਅਤੇ ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਦੀ ਪਸੰਦ ਹੋਰ ਹੈ। ਜਿੱਥੇ ਜਿੰਪਾ ਦਾ ਭਰਾ ਦੂਜੀ ਵਾਰ ਕੌਂਸਲਰ ਬਣਿਆ ਹੈ ਉੱਥੇ ਸੈਣੀ ਦੀ ਪਤਨੀ ਪਹਿਲੀ ਵਾਰ ਚੋਣ ਜਿੱਤ ਕੇ ਆਈ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਚੇਚੀ ਖ਼ੁਦ ਦੌੜ ’ਚ ਹਨ। ਉਧਰ ਸਾਬਕਾ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਖਰੈਤੀ ਲਾਲ ਕਤਨਾ ਦੇ ਲੜਕੇ ਬਲਵਿੰਦਰ ਕਤਨਾ ਵਲੋਂ ਵੀ ਲਾਬਿੰਗ ਕੀਤੀ ਜਾ ਰਹੀ ਹੈ। ਦੇਖਣਾ ਹੈ ਕਿ ‘ਆਪ’ ਲੀਡਰਸ਼ਿਪ ਕੀ ਫ਼ੈਸਲਾ ਲੈਂਦੀ ਹੈ। ਫ਼ੈਸਲਾ ਮੈਰਿਟ ਦੇ ਅਧਾਰ ’ਤੇ ਕੀਤਾ ਜਾਂਦਾ ਹੈ ਜਾਂ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਸੂਤਰਾਂ ਅਨੁਸਾਰ ਪਾਰਟੀ ਯੋਗ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਮੇਅਰ ਦੀ ਚੋਣ ਤੋਂ ਪਹਿਲਾਂ ਪਾਰਟੀ ’ਚ ਟੁੱਟ-ਭੰਨ੍ਹ ਦੀ ਵੀ ਸੰਭਾਵਨਾ ਹੈ। ਪਾਰਟੀ ਦੇ ਫ਼ੈਸਲੇ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ। ‘ਆਪ’ ਨੇ 50 ’ਚੋਂ 35 ਸੀਟਾਂ ਜਿੱਤ ਕੇ ਇਕ ਵਾਰ ਤਾਂ ਆਪਣਾ ਦਬਦਬਾ ਕਾਇਮ ਕੀਤਾ ਹੈ।

