Hoshiarpur Firing: ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ; ਇਕ ਹੋਰ ਜ਼ਖ਼ਮੀ
ਪੁਰਾਣੀ ਰੰਜਿਸ਼ ਤਹਿਤ ਹਮਲਾ ਕਰਨ ਦਾ ਖਦਸ਼ਾ; ਧਾਨ ਮੰਡੀ ਰਹੀਮਪੁਰ ਵਿਚ ਵਾਪਰੀ ਘਟਨਾ
Hoshiarpur Firing: ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਦੋ ਜਣਿਆਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਇਹ ਘਟਨਾ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਹੁਸ਼ਿਆਰਪੁਰ ਦੀ ਦਾਣਾ ਮੰਡੀ ਰਹੀਮਪੁਰ ਵਿਚ ਵਾਪਰੀ, ਜਿੱਥੇ ਹਮਲਾਵਰਾਂ ਨੇ ਦੋ ਵਿਅਕਤੀਆਂ ’ਤੇ 10 ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਹੁਸ਼ਿਆਰਪੁਰ ਦੇ ਪੁਲੀਸ ਕਪਤਾਨ (ਜਾਂਚ) ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਹਮਲੇ ਦਾ ਮੁੱਖ ਨਿਸ਼ਾਨਾ ਸੈਦਪੁਰ ਪਿੰਡ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਸੀ। ਮਨਪ੍ਰੀਤ ਸਿੰਘ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਵਿਰੁੱਧ ਪਹਿਲਾਂ ਹੀ ਅਪਰਾਧਿਕ ਮਾਮਲੇ ਦਰਜ ਸਨ। ਗੋਲੀਬਾਰੀ ਦੌਰਾਨ ਮਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਦੂਜੇ ਵਿਅਕਤੀ ਦੇ ਲੱਤ ਵਿੱਚ ਗੋਲੀ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿੱਚ ਫਰਾਰ ਹੋ ਗਏ।
ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਅਤੇ ਪੁਰਾਣੀ ਰੰਜਿਸ਼ ਦਾ ਖ਼ਦਸ਼ਾ
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਸੀ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਨਿੱਜੀ ਹਸਪਤਾਲ ਵਿੱਚ ਪਹੁੰਚਣ 'ਤੇ ਡਾਕਟਰਾਂ ਨੇ ਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜਾ ਜ਼ਖ਼ਮੀ ਵਿਅਕਤੀ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਸਪਤਾਲ ਤੋਂ ਚਲਾ ਗਿਆ।
ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ ਅਤੇ ਪੁਲੀਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸਬੂਤ ਇਕੱਠੇ ਕਰ ਰਹੀ ਹੈ। ਪੁਲੀਸ ਕਪਤਾਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਹ ਘਟਨਾ ਦੋ ਗਰੁੱਪਾਂ ਵਿਚਕਾਰ ਪੁਰਾਣੀ ਰੰਜਿਸ਼ ਦਾ ਨਤੀਜਾ ਹੋ ਸਕਦੀ ਹੈ। ਪੁਲੀਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।

