ਗੱਠਜੋੜ ਬਾਰੇ ਫ਼ੈਸਲਾ ਹਾਈ ਕਮਾਨ ਕਰੇਗੀ: ਪੁਸ਼ਕਰ ਧਾਮੀ
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਬਚਾਓ ਜਾਗਰੂਕਤਾ ਯਾਤਰਾ’ ਦਾ ਅੱਜ ਦਸੂਹਾ ਪੁੱਜਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦੀ ਅਗਵਾਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ...
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਬਚਾਓ ਜਾਗਰੂਕਤਾ ਯਾਤਰਾ’ ਦਾ ਅੱਜ ਦਸੂਹਾ ਪੁੱਜਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦੀ ਅਗਵਾਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕਰ ਰਹੇ ਸਨ। ਯਾਤਰਾ ਦੌਰਾਨ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ, ਸੁਸ਼ੀਲ ਕੁਮਾਰ ਪਿੰਕੀ, ਭਾਜਪਾ ਮਹਿਲਾ ਆਗੂ ਮੀਨੂ ਸੇਠੀ ਸਣੇ ਹੋਰ ਸੀਨੀਅਰ ਨੇਤਾ ਪ੍ਰਾਚੀਨ ਪਾਂਡਵ ਸਰੋਵਰ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਨਤਮਸਤਕ ਹੋਏ। ਇਸ ਮੌਕੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ-ਅਕਾਲੀ ਦਲ ਗੱਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਧਾਮੀ ਨੇ ਕਿਹਾ ਕਿ ਸਮਾਂ ਆਉਣ ’ਤੇ ਇਸ ਬਾਰੇ ਪਾਰਟੀ ਹਾਈ ਕਮਾਂਡ ਫੈਸਲਾ ਲਏਗੀ। ਸਨਾਤਨ ਧਰਮ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ, ਜਸਵੰਤ ਸਿੰਘ ਪੱਪੂ ਸੋਹਲ, ਯੂਥ ਆਗੂ ਠਾਕੁਰ ਵਿਵੇਕ ਰਿੰਕਾ, ਰਘੁਨਾਥ ਸਿੰਘ ਰਾਣਾ, ਪੰਡਿਤ ਦਿਨੇਸ਼ ਆਚਾਰੀਆ, ਪੰਡਿਤ ਤ੍ਰਿਦੇਵ ਮਿਸ਼ਰਾ ਅਤੇ ਰਜਨੀ ਕੌਂਸਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮਹਾਂਭਾਰਤ ਕਾਲ ਵੇਲੇ ਦੇ ਪ੍ਰਾਚੀਨ ਪਾਂਡਵ ਸਰੋਵਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਭਾਜਪਾ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਨ-ਅੰਦੋਲਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇਗੀ। ਮਗਰੋਂ ਯਾਤਰਾ ਕੈਂਬਰਿਜ ਸਕੂਲ ਦੇ ਸਾਹਮਣੇ ਪਬਲਿਕ ਗਰਾਊਂਡ ਵਿਖੇ ਪੁੱਜੀ, ਜਿੱਥੇ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਿਨਹਾਸ, ਹਲਕਾ ਇੰਚਾਰਜ ਰਘੁਨਾਥ ਸਿੰਘ ਰਾਣਾ, ਅਰੁਨੇਸ਼ ਸ਼ਾਕਰ ਅਤੇ ਅਜੈ ਕੌਂਸਲ ਸੇਠੂ ਨੇ ਯਾਤਰਾ ਦਾ ਸਵਾਗਤ ਕੀਤਾ।

