Heroin-Illegal Weapons Seizure: ਪੰਜ ਪਿਸਤੌਲਾਂ ਤੇ ਦੋ ਕਿਲੋ ਹੈਰੋਇਨ ਸਣੇ ਚਾਰ ਕਾਬੂ
ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਪੰਜ ਆਧੁਨਿਕ .30 ਬੋਰ ਪਿਸਤੌਲ, 2 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਬਰਾਮਦ ਕੀਤੀ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਬਿੱਟੂ ਕੁਮਾਰ ਉਰਫ਼ ਭਈਆ (20), ਸਾਹਿਬ ਸਿੰਘ (21), ਸੰਜੀਵ ਕੁਮਾਰ ਉਰਫ਼ ਨੰਨੂ (22) ਵਾਸੀ ਤਰਨ ਤਾਰਨ ਅਤੇ ਸੰਦੀਪ ਸਿੰਘ ਉਰਫ਼ ਸੰਨੀ (22), ਅੰਮ੍ਰਿਤਸਰ ਦੇ ਪਿੰਡ ਛਿੱਡਣ ਦਾ ਰਹਿਣ ਵਾਲਾ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਨੈੱਟਵਰਕ ਵਿੱਚ ਸ਼ਾਮਲ ਸਾਰੇ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲੀਸ ਕਮਿਸ਼ਨਰ (ਸੀ ਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਪਹਿਲਾਂ ਮੁਲਜ਼ਮ ਬਿੱਟੂ ਉਰਫ਼ ਭਈਆ ਤੇ ਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪਿਸਤੌਲ ਬਰਾਮਦ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਦੇ ਖੁਲਾਸੇ ਅਤੇ ਬਿਆਨਾਂ ਦੇ ਆਧਾਰ ’ਤੇ ਦੋ ਹੋਰ ਪਿਸਤੌਲ ਬਰਾਮਦ ਕੀਤੇ ਗਏ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਦੇ ਖੁਲਾਸਿਆਂ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਸੰਜੀਵ ਕੁਮਾਰ ਉਰਫ ਨੰਨੂ ਅਤੇ ਸੰਦੀਪ ਉਰਫ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2.015 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮ ਸੰਦੀਪ ਉਰਫ ਸੰਨੀ ਵੱਲੋਂ ਕੀਤੇ ਗਏ ਖੁਲਾਸੇ ਦੇ ਆਧਾਰ ’ਤੇ ਦੋ ਹੋਰ ਪਿਸਤੌਲ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਹੈਰੋਇਨ ਤੇ ਪਿਸਤੌਲਾਂ ਸਣੇ ਪੰਜ ਗ੍ਰਿਫ਼ਤਾਰ
ਕਪੂਰਥਲਾ (ਪੱਤਰ ਪ੍ਰੇਰਕ): ਸੀ ਆਈ ਏ ਸਟਾਫ਼ ਕਪੂਰਥਲਾ ਨੇ ਦੋ ਜਣਿਆਂ 1 ਕਿਲੋ 35 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਕਰਨ ਵਾਸੀ ਨਵਾਂ ਪਿੰਡ ਤੇ ਸੰਦੀਪ ਪਤਨੀ ਰਣਧੀਰ ਸਿੰਘ ਉਰਫ਼ ਧੀਰਾ ਵਾਸੀ ਲੱਖਣ ਨੂੰ ਕਾਰ ’ਚ ਹੈਰੋਇਨ ਸਣੇ ਕਾਬੂ ਕੀਤਾ। ਮੁਲਜ਼ਮਾਂ ਖ਼ਿਲਾਫ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲੀਸ ਨੇ ਤਿੰਨ ਨੌਜਵਾਨਾਂ ਹਰਦੇਵ ਸਿੰਘ ਵਾਸੀ ਪਿੰਡ ਸੀਤੋ ਨੋ ਆਬਾਦ, ਹਰਬੀਰ ਕਲੇਰ ਵਾਸੀ ਪਿੰਡ ਮਦਾਰ ਤੇ ਲਵਿਸ਼ ਗਰਗ ਵਾਸੀ ਪਿੰਡ ਸ਼ੇਰਪੁਰ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤੌਲ, ਦੋ ਏਅਰ ਪਿਸਟਲ, ਇੱਕ ਸਕਾਰਪਿਉ ਗੱਡੀ, ਲਾਲ-ਨੀਲੀ ਵੀ ਆਈ ਪੀ ਲਾਈਟ ਤੇ ਪੁਲੀਸ ਕਮਾਂਡੋ ਦੀ ਵਰਦੀ ਬਰਾਮਦ ਕੀਤੀ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਇਹ ਅਸਲਾ ਨਵਾਂ ਪਿੰਡ ਗੇਟ ਵਾਲਾ ਭਵਾਨੀਪੁਰ ਤੋਂ ਪ੍ਰਵੇਜ਼ ਨਗਰ ਵੱਲ ਜਾਂਦੇ ਸਮੇਂ ਫੱਤੂਢੀਂਗਾ ਨੇੜੇ ਬਰਾਮਦ ਕੀਤਾ।

