ਭਾਰੀ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ : The Tribune India

ਭਾਰੀ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ

ਭਾਰੀ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ

ਗੜ੍ਹਸ਼ੰਕਰ ਖੇਤਰ ਵਿੱਚ ਬੀਤ ਦੇ ਪਿੰਡ ਕੰਬਾਲਾ ਵਿੱਚ ਐਤਵਾਰ ਨੂੰ ਮੀਂਹ ਤੇ ਹਨ੍ਹੇਰੀ ਪਿੱਛੋਂ ਖੇਤਾਂ ਵਿੱਚ ਡਿੱਗੀ ਮੱਕੀ ਦੀ ਫਸਲ ਦਿਖਾਉਂਦੇ ਹੋਏ ਕਾਸ਼ਤਕਾਰ।

ਜੰਗ ਬਹਾਦਰ ਸਿੰਘ

ਗੜ੍ਹਸ਼ੰਕਰ, 25 ਸਤੰਬਰ

ਦੋ ਦਿਨਾਂ ਤੋਂ ਇਲਾਕੇ ਅੰਦਰ ਪੈ ਰਹੀ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਝੋਨੇ ਅਤੇ ਮੱਕੀ ਦੇ ਕਾਸ਼ਤਕਾਰਾਂ ਦੇ ਚਿਹਰੇ ਮੁਰਝਾ ਗਏ ਹਨ। ਮੱਕੀ ਦੀ ਫਸਲ ਵਿੱਚ ਜ਼ਿਆਦਾ ਪਾਣੀ ਖੜ੍ਹਨ ਨਾਲ ਜਿੱਥੇ ਮੱਕੀ ਦੇ ਟਾਂਡੇ ਗਲਣੇ ਸ਼ੁਰੂ ਹੋ ਗਏ ਹਨ ਉੱਥੇ ਹੀ ਮੀਂਹ ਪਿੱਛੋਂ ਹਨੇਰੀ ਚੱਲਣ ਨਾਲ ਖੜ੍ਹੀ ਮੱਕੀ ਦੀ ਫਸਲ ਵੀ ਢਹਿ ਢੇਰੀ ਹੋ ਗਈ ਹੈ। ਮੀਂਹ ਹਨੇਰੀ ਨਾਲ ਕਈ ਪਿੰਡਾਂ ਵਿੱਚ ਝੋਨੇ ਦੀ ਫਸਲ ਖੇਤਾਂ ਵਿੱਚ ਵਿੱਛ ਗਈ ਹੈ। ਜ਼ਿਕਰਯੋਗ ਹੈ ਕਿ ਗੜ੍ਹਸ਼ੰਕਰ ਇਲਾਕਾ ਪੂਰੇ ਪੰਜਾਬ ਵਿੱਚ ਮੱਕੀ ਦੀ ਸਭ ਤੋਂ ਵੱਧ ਪੈਦਾਵਾਰ ਵਾਲਾ ਖੇਤਰ ਹੈ। ਇਸ ਵਾਰ ਗੜ੍ਹਸੰਕਰ ਤੇ ਮੈਦਾਨੀ ਅਤੇ ਬੀਤ ਦੇ ਇਲਾਕੇ ਵਿੱਚ ਮੱਕੀ ਦੀ ਫਸਲ ’ਤੇ ਪਹਿਲਾਂ ਔੜ ਲੱਗਣ ਕਾਰਨ ਬੁਰਾ ਅਸਰ ਪਿਆ ਸੀ ਪਰ ਲਗਪਗ ਦੋ ਮਹੀਨੇ ਬਾਅਦ ਇਕਦਮ ਭਾਰੀ ਬਾਰਿਸ਼ ਪੈਣ ਨਾਲ ਮੱਕੀ ਦੇ ਖੇਤ ਮੀਂਹ ਨਾਲ ਭਰ ਗਏ ਹਨ। ਇਸ ਕਰਕੇ ਮੱਕੀ ਦਾ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਮੱਕੀ ਦੀ ਫਸਲ ਵੀ ਬਰਬਾਦ ਹੋਈ ਹੈ ਅਤੇ ਮੱਕੀ ਦਾ ਹਰਾ ਚਾਰਾ ਵੀ ਪਸ਼ੂਆਂ ਦੇ ਖਾਣ ਯੋਗ ਨਹੀਂ ਰਿਹਾ। ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੱਕੀ ਤੇ ਝੋਨੇ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਹਰ ਪਾਸੇ ਜਲ ਥਲ ਹੋਈ ਪਈ ਹੈ। ਇਸ ਮੀਂਹ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਤਿਆਰ ਫਸਲ ਖੇਤਾਂ ਵਿੱਚ ਡਿੱਗ ਪਈ ਹੈ, ਇਸ ਨਾਲ ਫ਼ਸਲ ਦੇ ਝਾੜ ਘੱਟ ਹੋਣ ਦੀ ਸੰਭਾਵਨਾ ਬਹੁਤ ਵਧ ਗਈ ਹੈ। ਉਧਰ ਮੀਂਹ ਪੈਣ ਕਾਰਨ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਫਸਲ ਦੀ ਵਿਕਰੀ ਕਰਨ ਲਈ ਆਉਂਦੇ ਕਿਸਾਨਾਂ ਨੂੰ ਕੁਝ ਦਿਨਾਂ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਡਿਵੈਲਪਮੈਂਟ ਅਫਸਰ ਹਰਜੀਤ ਸਿੰਘ ਨੇ ਦੱਸਿਆ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਫਸਲ ਦੀ ਕਟਾਈ ਉਪਰੰਤ ਆਲੂ ਮਟਰ ਅਤੇ ਫਲੀਆਂ ਬੀਜੀਆਂ ਹਨ ਉਸ ਫਸਲ ਦਾ ਇਹ ਬਾਰਸ਼ ਕਾਰਨ ਭਾਰੀ ਨੁਕਸਾਨ ਹੋਵੇਗਾ ਅਤੇ ਜੋ ਫਸਲ ਝੋਨੇ ਦੀ ਅਜੇ ਖੇਤਾਂ ਵਿੱਚ ਖੜ੍ਹੀ ਹੈ ਉਹ ਇਸ ਬਾਰਸ਼ ਕਾਰਨ ਡਿੱਗ ਪਈ ਹੈ ਅਤੇ ਜੇਕਰ ਇੱਕ ਦੋ ਦਿਨ ‘ਚ ਮੌਸਮ ਸਾਫ ਨਾ ਹੋਇਆ ਤੇ ਇਸੇ ਤਰ੍ਹਾਂ ਲਗਾਤਾਰ ਬਾਰਸ਼ ਪੈਂਦੀ ਰਹੀ ਤਾਂ ਇਹ ਡਿੱਗੀ ਫਸਲ ਦੁਬਾਰਾ ਖੇਤਾਂ ਵਿੱਚ ਪੁੰਗਰ ਸਕਦੀ ਹੈ ਜਿਸ ਨਾਲ ਕਿਸਾਨੀ ਦਾ ਭਾਰੀ ਨੁਕਸਾਨ ਹੋਵੇਗਾ।

ਫਗਵਾੜਾ (ਜਸਬੀਰ ਸਿੰਘ ਚਾਨਾ): ਲਗਾਤਾਰ ਬਾਰਿਸ਼ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ ਥਲ ਕਰਕੇ ਰੱਖ ਦਿੱਤਾ ਹੈ ਤੇ ਸ਼ਹਿਰ ਦੇ ਵੱਖ ਵੱਖ ਇਲਾਕੇ ਬੁਰੀ ਤਰ੍ਹਾਂ ਪਾਣੀ ਨਾਲ ਡੁੱਬ ਗਏ। ਇਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀ ਗਊਸ਼ਾਲਾ ਰੋਡ ’ਚ ਪਾਣੀ ਬਾਜ਼ਾਰ ’ਚ ਕਰੀਬ ਚਾਰ ਫੁੱਟ ਤੱਕ ਸੀ ਜਿਸ ਨਾਲ ਪਾਣੀ ਕਈ ਦੁਕਾਨਾਂ ਦੇ ਅੰਦਰ ਜਾ ਵੜ੍ਹਿਆ। ਇਸੇ ਤਰ੍ਹਾਂ ਹਰਗੋਬਿੰਦ ਨਗਰ, ਸੁਭਾਸ਼ ਨਗਰ, ਪੁਰਾਣਾ ਡਾਕਖਾਨਾ ਰੋਡ, ਅਰਬਨ ਅਸਟੇਟ ਖੇਤਰ, ਸੁਭਾਸ਼ ਨਗਰ ਚੌਕ, ਸਰਾਏ ਰੋਡ, ਚੱਢਾ ਮਾਰਕੀਟ, ਹਦੀਆਬਾਦ, ਜੇਸੀਟੀ ਮਿੱਲ ਆਦਿ ਖੇਤਰਾਂ ਵਿੱਚ ਪਾਣੀ ਭਰਿਆ ਰਿਹਾ।

ਗਿਰਦਾਵਰੀ ਕਰਵਾ ਕੇ ਫਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਨ੍ਹੇਰੀ-ਝੱਖੜ ਕਾਰਨ ਜਨ-ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ। ਬੀਤੀ ਸਾਰੀ ਰਾਤ ਹੋਈ ਤੇਜ਼ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਕਾਰਨ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਤੇਜ਼ ਹਨ੍ਹੇਰੀ ਕਾਰਨ ਬਹੁਤ ਸਾਰੇ ਦਰੱਖਤ ਉੱਖੜ ਗਏ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ ਆਦਿ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਪਹਿਲਾਂ ਹੀ ਚਾਈਨਾ ਵਾਇਰਸ ਨੇ ਝੰਬ ਦਿੱਤਾ ਹੈ ਅਤੇ ਰਹਿੰਦੀ-ਖੂੰਹਦੀ ਕਸਰ ਬੇਮੌਸਮੀ ਬਰਸਾਤ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਚਾਈਨਾ ਵਾਇਰਸ ਅਤੇ ਮੀਂਹ ਨਾਲ ਖਰਾਬ ਹੋਈ ਝੋਨੇ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਤਰਨ ਤਾਰਨ(ਗੁਰਬਖਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸੂਬੇ ਅੰਦਰ ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋਈ ਬਾਰਸ਼ ਨਾਲ ਝੋਨੇ ਦੀ 1509 ਕਿਸਮ ਤੋਂ ਇਲਾਵਾ ਬੀਜੀਆਂ ਹੋਈਆਂ ਸਬਜ਼ੀਆਂ ਦੀਆਂ ਫਸਲਾਂ ਦੇ ਖਰਾਬ ਹੋਣ ਤੇ ਸਰਕਾਰ ਨੂੰ ਪ੍ਰਤੀ ਏਕੜ 50,000 ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਆਗੂਆਂ ਨੇ ਪ੍ਰਭਾਵਿਤ ਖੇਤਰਾਂ ਦੀਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਉਣ ਦੀ ਵੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All