Health Services: ਅੰਮ੍ਰਿਤਸਰ ਵਿੱਚ 14 Aam Aadmi Clinics ਦਾ ਉਦਘਾਟਨ
ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਅੰਮ੍ਰਿਤਸਰ ਜ਼ਿਲ੍ਹੇ ਵਿੱਚ 14 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਅੱਜ ਪੰਜਾਬ ਵਿੱਚ 100 ਨਵੇਂ ਕਲੀਨਿਕਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ...
ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਅੰਮ੍ਰਿਤਸਰ ਜ਼ਿਲ੍ਹੇ ਵਿੱਚ 14 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਅੱਜ ਪੰਜਾਬ ਵਿੱਚ 100 ਨਵੇਂ ਕਲੀਨਿਕਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਅੰਮ੍ਰਿਤਸਰ ’ਚ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਡਾ. ਅਜੈ ਗੁਪਤਾ, ਜੀਵਨਜੋਤ ਕੌਰ ਡਾ. ਜਸਬੀਰ ਸਿੰਘ ਸੰਧੂ ਅਤੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਕਲੀਨਿਕਾਂ ਦਾ ਉਦਘਾਟਨ ਕੀਤਾ।
ਇਹ ਕਲੀਨਿਕ ਆਰੀਆ ਸਮਾਜ ਮੰਦਰ, ਕੇਂਦਰੀ ਜੇਲ੍ਹ, ਕਾਂਗੜਾ ਕਲੋਨੀ, ਲੇਬਰ ਕਲੋਨੀ ਖੰਡਵਾਲਾ, ਬਾਬਾ ਦੀਪ ਸਿੰਘ ਕਲੋਨੀ ਨੰਗਲੀ, ਮੂਲੇ ਚੱਕ, ਨਿਊ ਅੰਮ੍ਰਿਤਸਰ, ਸੰਤ ਚੰਨਣ ਸਿੰਘ ਕਲੋਨੀ, ਸਾਊਥ ਸਿਟੀ, ਸ੍ਰੀ ਗੁਰੂ ਹਰਗੋਬਿੰਦ ਸਟੇਡੀਅਮ ਦਬੁਰਜੀ, ਗੰਡਾ ਸਿੰਘ ਵਾਲਾ ਅਤੇ ਤੁੰਗ ਬਾਲਾ ਵਿੱਚ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।
ਸਿਵਲ ਸਰਜਨ ਡਾ. ਰਸ਼ਮੀ ਵਿੱਜ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਘਰਾਂ ਦੇ ਨੇੜੇ ਮੁਫ਼ਤ ਟੈਸਟ ਅਤੇ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਡਾ. ਵਿੱਜ ਅਨੁਸਾਰ ਇਸ ਪਹਿਲਕਦਮੀ ਨਾਲ ਵੱਡੇ ਹਸਪਤਾਲਾਂ ’ਤੇ ਮਰੀਜ਼ਾਂ ਦਾ ਬੋਝ ਘਟੇਗਾ ਤੇ ਸਮੇਂ ਸਿਰ ਇਲਾਜ ਮਿਲ ਸਕੇਗਾ।
ਇਸ ਮੌਕੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਬਜੀਤ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਮਨਜੀਤ ਸਿੰਘ ਰਟੌਲ, ਸਹਾਇਕ ਸਿਵਲ ਸਰਜਨ ਡਾ. ਨਰੇਸ਼ ਕੁਮਾਰ, ਨੋਡਲ ਅਫ਼ਸਰ ਡਾ. ਵਨੀਤ ਕੌਰ ਅਤੇ ਜ਼ਿਲ੍ਹਾ ਐੱਮ ਈ ਆਈ ਓ ਅਮਰਦੀਪ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ।
ਜਲੰਧਰ ਵਿੱਚ ਵੀ 10 ਆਮ ਆਦਮੀ ਕਲੀਨਿਕ ਖੁੱਲ੍ਹੇ
ਜਲੰਧਰ (ਪੱਤਰ ਪ੍ਰੇਰਕ): ਸੂਬੇ ਵਿੱਚ 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਤਹਿਤ ਅੱਜ ਜ਼ਿਲ੍ਹੇ ਵਿੱਚ 10 ਕਲੀਨਿਕ ਖੋਲ੍ਹੇ ਗਏ ਹਨ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਿਧਾਰਥ ਨਗਰ, ਭਾਰਗੋ ਨਗਰ ਅਤੇ ਸਪੋਰਟਸ ਤੇ ਸਰਜੀਕਲ ਕੰਪਲੈਕਸ ਵਿੱਚ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਮਜ਼ਬੂਤ ਹੋਣਗੀਆਂ ਅਤੇ ਗਰੀਬ ਤੇ ਮੱਧ ਵਰਗ ਨੂੰ ਵੱਡੀ ਰਾਹਤ ਮਿਲੇਗੀ। ਜ਼ਿਲ੍ਹੇ ਵਿੱਚ ਹੁਣ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 85 ਹੋ ਗਈ ਹੈ। ਕਲੀਨਿਕਾਂ ਵਿੱਚ 107 ਦਵਾਈਆਂ, 47 ਲੈਬ ਟੈਸਟ, ਔਰਤਾਂ ਲਈ ਸਕੈਨਿੰਗ ਅਤੇ ਓ ਪੀ ਡੀ ਵਿੱਚ ਐਂਟੀ ਰੈਬੀਜ਼ ਵੈਕਸੀਨ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲਸਾੜਾ, ਨੰਗਲ, ਸਲੇਮਪੁਰ, ਗਦਈਪੁਰ, ਲੰਮਾ ਪਿੰਡ ਅਤੇ ਪੋਲੀਟੈਕਨਿਕ ਕਾਲਜ ਵਿੱਚ ਵੀ ਕਲੀਨਿਕ ਸ਼ੁਰੂ ਹੋਏ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਕੀਮਤੀ ਭਗਤ ਹਾਜ਼ਰ ਸਨ।

