ਹਰਪ੍ਰੀਤ ਕੌਰ
ਹੁਸ਼ਿਆਰਪੁਰ, 26 ਸਤੰਬਰ
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਸਥਾਨਕ ਡੀ.ਏ.ਵੀ ਕਾਲਜ ਕੈਂਪਸ ਵਿੱਚ 9ਵੇਂ ਰੁਜ਼ਗਾਰ ਮੇਲੇ ਦੌਰਾਨ ਨੌਕਰੀ ਹਾਸਿਲ ਕਰਨ ਵਾਲੇ 285 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵਨਿਯੁਕਤ 51 ਹਜ਼ਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਬੰਧੀ ਵਰਚੁਅਲ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਵੀ ਕੀਤਾ ਗਿਆ। ਇਸ ਮੌਕੇ ਪੋਸਟ ਮਾਸਟਰ ਜਨਰਲ ਚੰਡੀਗੜ੍ਹ ਸਰਕਲ ਮਨੀਸ਼ਾ ਬਾਂਸਲ, ਸੀਨੀਅਰ ਪੋਸਟਲ ਸੁਪਰਡੈਂਟ ਚਰਨਜੀਤ ਸਿੰਘ ਅਤੇ ਡਾਕ ਵਿਭਾਗ ਦੇ ਸਹਾਇਕ ਡਾਇਰੈਕਟਰ ਕੈਲਾਸ਼ ਸ਼ਰਮਾ ਵੀ ਮੌਜੂਦ ਸਨ। ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਅਗਲੇ 20 ਸਾਲਾਂ ਵਿਚ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ। ਮਹਿਲਾ ਸਸ਼ਕਤੀਕਰਨ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਤੇਜ਼ੀ ਨਾਲ ਤਰੱਕੀ ਕਰਨ ’ਚ ਮੱਦਦ ਮਿਲੇਗੀ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਮੰਤਰੀ ਤੀਕਸ਼ਨ ਸੂਦ ਮੌਜੂਦ ਸਨ।