ਨਾਜਾਇਜ਼ ਖਣਨ ਖ਼ਿਲਾਫ਼ ਨਿਤਰੇ ਹੰਦਵਾਲ ਵਾਸੀ
ਨਹਿਰੀ ਵਿਭਾਗ ਦੀ 66 ਏਕਡ਼ ਜ਼ਮੀਨ ਨਾਲ ਸਬੰਧਤ ਹੈ ਮਾਮਲਾ; ਵਿਧਾਇਕ ਦੀ ਅਗਵਾਈ ਹੇਠ ਕਰੱਸ਼ਰਾਂ ਖ਼ਿਲਾਫ਼ ਧਰਨਾ
ਪਿੰਡ ਹੰਦਵਾਲ ਦੇ ਲੋਕਾਂ ਵੱਲੋਂ ਪਿੰਡ ’ਚ ਪੈਂਦੀ ਨਹਿਰੀ ਵਿਭਾਗ ਦੀ ਕਰੀਬ 66 ਏਕੜ ਜ਼ਮੀਨ ਦੇ ਕੁਝ ਹਿੱਸੇ ਵਿੱਚ ਨੇੜਲੇ ਕਰੱਸ਼ਰਾਂ ਵੱਲੋਂ ਕੀਤੀ ਗਈ ਗ਼ੈਰ-ਕਾਨੂੰਨੀ ਖਣਨ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਮੌਕੇ ਭਾਜਪਾ ਦੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਵੀ ਸ਼ਿਰਕਤ ਕੀਤੀ। ਵਿਧਾਇਕ ਮਹਾਜਨ ਅਤੇ ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ ਨੇ ਦੱਸਿਆ ਕਿ ਪਿੰਡ ਹੰਦਵਾਲ ਵਿੱਚ ਨਹਿਰੀ ਵਿਭਾਗ ਦੀ ਕਰੀਬ 66 ਏਕੜ ਜ਼ਮੀਨ ਖਾਲੀ ਪਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਕਰੀਬ 20 ਏਕੜ ਰਕਬੇ ’ਚ ਨੇੜਲੇ ਕਰੱਸ਼ਰਾਂ ਵੱਲੋਂ ਲੰਬੇ ਸਮੇਂ ਤੋਂ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਨਾ ਤਾਂ ਨਹਿਰੀ ਵਿਭਾਗ ਨੇ ਹੀ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਵਿਭਾਗ ਨੇ ਕਰੱਸ਼ਰਾਂ ਨੂੰ ਨੱਥ ਪਾਈ ਹੈ। ਵਿਧਾਇਕ ਮਹਾਜਨ ਨੇ ਕਿਹਾ ਕਿ ਕਰੱਸ਼ਰਾਂ ਦੀ ਮਨਮਾਨੀ ਅੱਗੇ ਪ੍ਰਸ਼ਾਸਨ ਚੁੱਪ ਵੱਟੀ ਬੈਠਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਗ਼ੈਰ-ਕਾਨੂੰਨੀ ਖਣਨ ਨੂੰ ਅਧਿਕਾਰੀਆਂ ਦੀ ਸ਼ਹਿ ਮਿਲੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਖਣਨ ਬੰਦ ਨਾ ਕਰਵਾਈ ਗਈ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਇੱਥੇ ਪੱਕਾ ਧਰਨਾ ਲਗਾ ਦੇਣਗੇ। ਇਸ ਮੌਕੇ ਹਲਕਾ ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਨੰਬਰਦਾਰ ਤੀਰਥ ਸਿੰਘ, ਸੁਭਾਸ਼ ਚੌਧਰੀ, ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ, ਪੰਚ ਰਵੀ ਤਿਵਾੜੀ, ਕਾਰਜਕਾਰਨੀ ਮੈਂਬਰ ਰਾਜਿੰਦਰ ਛੋਟੂ, ਪੰਚ ਹਰਦੀਪ ਦੀਪਾ, ਠਾਕੁਰ ਕਰਨ ਸਿੰਘ, ਮੇਜਰ ਸ਼ਿੰਦਾ ਸਿੰਘ, ਦਿਨੇਸ਼ ਚੌਧਰੀ, ਸ਼ੰਟੀ, ਸਵਰੂਪ ਸਿੰਘ, ਸਰਪੰਚ ਤੀਰਥ ਕੁਮਾਰ, ਰਾਜਪਾਲ ਸਿੰਘ ਬੱਲ, ਸਵਰੂਪ ਸਿੰਘ, ਤੀਰਥ ਕੁਮਾਰ, ਰਾਜਮੀਰ, ਰਾਜਪਾਲ, ਸਰਪੰਚ ਗੁਰਦਿਆਲ ਸਿੰਘ, ਬੁੱਲਾ ਸਿੰਘ, ਹੇਮਰਾਜ, ਵਿਕਾਸ ਸ਼ਰਮਾ, ਆਸ਼ਾ ਰਾਣੀ, ਸੁਸ਼ਮਾ ਰਾਣੀ, ਕਮਲੇਸ਼ ਕੁਮਾਰੀ, ਨਰਿੰਦਰ ਕੌਰ, ਤ੍ਰਿਪਤਾ ਦੇਵੀ, ਸਰਵਣ ਕੁਮਾਰ, ਮੁਲਖ ਰਾਜ ਫੌਜੀ, ਮਦਨ ਲਾਲ ਪਠਾਨੀਆ, ਮੈਂਬਰ ਪੰਚਾਇਤ ਸਵਰਨ ਦੇਵੀ ਤੇ ਪੁਸ਼ਪਾ ਰਾਣੀ ਹਾਜ਼ਰ ਸਨ।
ਡੀ ਸੀ ਨੂੰ ਰਿਪੋਰਟ ਭੇਜੀ: ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਐਨ ਦਿਨੇਸ਼ ਕੁਮਾਰ ਨੇ ਕਿਹਾ ਕਿ ਇਹ ਜਗਾ ਖੁੱਲ੍ਹੀ ਪਈ ਸੀ ਅਤੇ ਇੱਥੇ ਖਣਨ ਹੋਣ ਬਾਰੇ ਪਤਾ ਲੱਗਣ ’ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ, ਜਿਸ ਦੌਰਾਨ ਕਰੀਬ 6 ਏਕੜ ਨਹਿਰੀ ਜ਼ਮੀਨ ’ਚ ਨਾਜਾਇਜ਼ ਖਣਨ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਮਾਈਨਿੰਗ ਵਿਭਾਗ ਦੇ ਐਕਸੀਐਨ ਨੂੰ ਭੇਜ ਕੇ ਸਬੰਧਤ ਕਰੱਸ਼ਰਾਂ ਖਿਲਾਫ਼ ਕਾਰਵਾਈ ਲਈ ਲਿਖਿਆ ਗਿਆ ਹੈ। ਇਸ ਦੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਗਈ ਹੈ ਅਤੇ ਅਗਲੇ ਹੁਕਮ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

