Drone Show ਰਾਹੀਂ ਗੁਰੂ ਰਵਿਦਾਸ ਦਾ ਜੀਵਨ ਫ਼ਲਸਫ਼ਾ ਪੇਸ਼
ਡਰੋਨ ਸ਼ੋਅ ਸਮਾਗਮਾਂ ਲਈ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਰੱਖੇ: ਘੁੰਮਣ
ਇਥੇ ਪੰਜਾਬ ਸਰਕਾਰ ਵੱਲੋਂ ਪੰਚਾਇਤ ਸਮਿਤੀ ਸਟੇਡੀਅਮ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਕਰਾਇਆ ਗਿਆ, ਜਿਸ ਵਿੱਚ 500 ਡਰੋਨਾਂ ਨੇ ਅਸਮਾਨ ਨੂੰ ਰੁਸ਼ਨਾਉਂਦਿਆਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਬਾਕਮਾਲ ਪੇਸ਼ਕਾਰੀ ਕੀਤੀ। ਇਸ ਨਿਵੇਕਲੇ ਏਰੀਅਲ ਸ਼ੋਅ ਰਾਹੀਂ ਤਕਨਾਲੋਜੀ ਅਤੇ ਅਧਿਆਤਮਿਕਤਾ ਦਾ ਸੁਮੇਲ ਭਾਰੀ ਗਿਣਤੀ ਵਿੱਚ ਮੌਜੂਦ ਸੰਗਤ ਨੇ ਬਹੁਤ ਸ਼ਰਧਾ ਨਾਲ ਦੇਖਿਆ। ਸ਼ੋਅ ਦੌਰਾਨ 500 ਡਰੋਨਾਂ ਰਾਹੀਂ ਗੁਰੂ ਰਵਿਦਾਸ ਦੇ ਜੀਵਨ ਅਤੇ ਫਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਜਿਸ ਵਿੱਚ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦਾ ਸਦੀਵੀ ਸੰਦੇਸ਼ ਦੀ ਪੇਸ਼ਕਾਰੀ ਕੀਤੀ ਗਈ। ਦੌਰਾਨ ਰਾਗੀ ਭਾਈ ਜਸਵੀਰ ਸਿੰਘ ਨੇ ਗੁਰਬਾਣੀ ਦੇ ਸ਼ਬਦ ਅਤੇ ਕੀਰਤਨ ਕੀਤਾ। ਸੰਗਤ ਨੂੰ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਇਹ ਸ਼ਾਨਦਾਰ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਨੂੰ ਢੁੱਕਵੀਂ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਸ ਲਈ ਸਰਕਾਰ ਵੱਲੋਂ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਦਸਤਾਵੇਜ਼ੀ ਸ਼ੋਅ 13,000 ਪਿੰਡਾਂ ਵਿੱਚ ਦਿਖਾਏ ਜਾ ਰਹੇ ਹਨ। ਸਮਾਗਮ ਦੌਰਾਨ ਸੰਤ ਜਸਪਾਲ ਸਿੰਘ, ਬਾਬਾ ਸੁਖਵਿੰਦਰ ਸਿੰਘ, ਸੰਤ ਰਾਮ ਗਿਰੀ, ਸੰਤ ਨਰੇਸ਼ ਗਿਰ, ਸੰਤ ਪ੍ਰੇਮ ਦਾਸ, ਸੰਤ ਬਿਸ਼ਨ ਦਾਸ, ਸੰਤ ਸਰਬਜੀਤ ਗਿਰ ਅਤੇ ਸੰਤ ਪਰਮਿੰਦਰ ਸਿੰਘ ਮੌਜੂਦ ਸਨ।

