Gurdaspur: 50 ਲੱਖ ਦੀ ਫਿਰੌਤੀ ਨਾ ਦੇਣ ’ਤੇ ਘਰ ’ਤੇ ਚਲਾਈਆਂ ਗੋਲੀਆਂ; ਦਹਿਸ਼ਤ ’ਚ ਪਰਿਵਾਰ
ਇੱਕ ਦਿਨ ਪਹਿਲਾਂ ਮੰਗੀ ਸੀ 50 ਲੱਖ ਦੀ ਫਿਰੌਤੀ; ਅੱਧੀ ਰਾਤ ਘਰ ਨੂੰ ਬਣਾਇਆ ਨਿਸ਼ਾਨਾ
ਗੁਰਦਾਸਪੁਰ ਦੇ ਨੰਗਲ ਕੋਟਲੀ ਮੁਹੱਲੇ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀ ਨਾ ਦੇਣ ’ਤੇ ਇੱਕ ਘਰ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਹਿਰ ਵਿਭਾਗ ਵਿੱਚੋਂ ਰਿਟਾਇਰ ਹੋਏ ਰਾਕੇਸ਼ ਚੰਦਰ ਕੋਲੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਤੋਂ ਅਗਲੀ ਰਾਤ ਕਰੀਬ 12 ਵਜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਮੁੱਖ ਦਰਵਾਜ਼ੇ ਨੂੰ ਚੀਰਦੀਆਂ ਹੋਈਆਂ ਕਮਰੇ ਵਿੱਚ ਪਏ ਬੈੱਡ ’ਤੇ ਜਾ ਲੱਗੀਆਂ। ਜਿਸ ਸਮੇਂ ਇਹ ਹਮਲਾ ਹੋਇਆ, ਉਸ ਬੈੱਡ ’ਤੇ ਰਾਕੇਸ਼ ਕੁਮਾਰ ਦਾ ਪੁੱਤਰ ਸੁੱਤਾ ਪਿਆ ਸੀ। ਗ਼ਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮਾਂ ਨੇ ਰਾਕੇਸ਼ ਕੁਮਾਰ ਨੂੰ ਦੁਬਾਰਾ ਫੋਨ ਕਰਕੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ਦੇ ਪੁੱਤਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਘਟਨਾ ਕਾਰਨ ਰਿਹਾਇਸ਼ੀ ਇਲਾਕੇ ਵਿੱਚ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਦੀ ਇੱਕ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਆ ਕੇ ਗੋਲੀਆਂ ਚਲਾਉਂਦੇ ਅਤੇ ਫ਼ਰਾਰ ਹੁੰਦੇ ਸਾਫ਼ ਨਜ਼ਰ ਆ ਰਹੇ ਹਨ।

