ਪੱਤਰ ਪ੍ਰੇਰਕ
ਫਗਵਾੜਾ, 29 ਜਨਵਰੀ
ਇਥੋਂ ਦੇ ਬਾਂਸਾ ਬਾਜ਼ਾਰ ਵਿਖੇ ਚੋਰਾਂ ਨੇ ਇੱਕ ਜਨਰਲ ਦੀ ਸਟੋਰ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਨਕਦੀ ਤੇ ਨੋਟਾਂ ਦੇ ਹਾਰ ਚੋਰੀ ਕਰ ਲਏ। ਅਨਿਲ ਜਨਰਲ ਸਟੋਰ ਦੇ ਮਾਲਕ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੇ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤੇ ਅੱਜ ਸਵੇਰੇ ਉਸ ਨੂੰ 6 ਕੁ ਵਜੇ ਇੱਕ ਵਿਅਕਤੀ ਦਾ ਫ਼ੋਨ ਆਇਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਜਦੋਂ ਉਸਨੇ ਆ ਕੇ ਦੇਖਿਆ ਤਾਂ ਚੋਰਾਂ ਨੇ ਅੰਦਰੋਂ ਨੋਟਾਂ ਦੇ ਹਾਰ ਤੇ ਨੋਟਾਂ ਦੀਆਂ ਕਾਪੀਆਂ ਚੋਰੀ ਕੀਤੀਆਂ ਹੋਈਆਂ ਸਨ ਜਿਸ ਨਾਲ ਉਸ ਦਾ ਕਰੀਬ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਮੁਹੱਲਾ ਸਤਨਾਮਪੁਰਾ ਵਿਖੇ ਚੋਰਾਂ ਨੇ ਸਵਰਨ ਸਿੰਘ ਦੇ ਘਰ ‘ਚ ਚੋਰੀ ਕੀਤੀ। ਪੀੜਤ ਨੇ ਦੱਸਿਆ ਕਿ ਉਹ ਵਿਆਹ ਸਮਾਗਮ ‘ਚ ਗਏ ਹੋਏ ਸਨ ਤਾਂ ਪਿਛੋਂ ਚੋਰ ਛੱਤ ਦੇ ਰਸਤਿਉਂ ਘਰ ‘ਚ ਦਾਖ਼ਲ ਹੋਏ ਤੇ ਘਰੋਂ ਕਰੀਬ 12 ਹਜ਼ਾਰ ਰੁਪਏ ਦੀ ਨਕਦੀ, ਇੱਕ ਮੋਬਾਈਲ ਫ਼ੋਨ ਤੇ ਤਾਂਬੇ ਦੇ ਭਾਂਡੇ ਚੋਰੀ ਕਰਕੇ ਲੈ ਗਏ।