ਬੈਗ ਖੋਹਣ ਦਾ ਵਿਰੋਧ ਕਰਦੀ ਲੜਕੀ ਜ਼ਖ਼ਮੀ
ਪੱਤਰ ਪ੍ਰੇਰਕ
ਜਲੰਧਰ, 27 ਜੂਨ
ਥਾਣਾ ਰਾਮਾਂਮੰਡੀ ਦੀ ਹੱਦ ’ਚ ਆਉਂਦੇ ਲੰਮਾ ਪਿੰਡ ਚੌਕ ਨੇੜੇ ਇਕ ਆਟੋ ਵਿਚ ਬੈਠੀ ਲੜਕੀ ਤੋਂ ਮੋਟਰਸਾਈਕਲ ਸਵਾਰਾ ਨੇ ਬੈਗ ਖੋਹ ਲਿਆ। ਆਟੋ ਵਿਚ ਬੈਠੀ ਲੜਕੀ ਨੇ ਬੈਗ ਬਚਾਉਣ ਲਈ ਲੁਟੇਰਿਆਂ ਦਾ ਵਿਰੋਧ ਕੀਤਾ ਪਰ ਬੈਗ ਬਚਾਉਂਦੇ ਹੋਏ ਉਹ ਆਟੋ ਤੋਂ ਹੇਠਾਂ ਡਿੱਗ ਪਈ ਤੇ ਉਸ ਤੇ ਗੰਭੀਰ ਸੱਟਾਂ ਲੱਗੀਆਂ। ਡਿੱਗਦੇ ਸਮੇਂ ਆਟੋ ਚਾਲਕ ਨੇ ਰੌਲਾ ਪਾਇਆ ਪਰ ਮੋਟਰਸਾਈਕਲ ਦੀ ਤੇਜ਼ ਰਫ਼ਤਾਰ ਕਾਰਨ ਲੁਟੇਰੇ ਭੱਜ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਲੜਕੀ ਨੂੰ ਇਲਾਜ ਲਈ ਐੱਚਪੀ ਹਸਪਤਾਲ ’ਚ ਦਾਖਲ ਕਰਵਾਇਆ ਤੇ ਕੰਟਰੋਲ ਰੂਮ ’ਚ ਸ਼ਿਕਾਇਤ ਦਰਜ ਕਰਵਾਈ। ਸੂਚਨਾ ਮਿਲਣ ਤੋਂ ਬਾਅਦ ਰਾਮਾਂਮੰਡੀ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਮੀਨਾਕਸ਼ੀ ਨੇ ਦੱਸਿਆ ਕਿ ਉਹ ਪੀਏਪੀ ਚੌਕ ਤੋਂ ਲੰਮਾ ਪਿੰਡ ਚੌਕ ਵੱਲ ਆ ਰਹੀ ਸੀ, ਉਸ ਸਮੇਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰਾ ਨੇ ਉਸਦੇ ਹੱਥ ’ਚ ਫੜਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣਾ ਬੈਗ ਬਚਾਉਣ ਲਈ ਉਨ੍ਹਾਂ ਦਾ ਵਿਰੋਧ ਕੀਤਾ ਪਰ ਉਸਨੂੰ ਬਚਾ ਨਹੀਂ ਸਕੀ। ਬੈਗ ਨੂੰ ਲੁਟੇਰਿਆਂ ਤੋਂ ਬਚਾਉਂਦੇ ਹੋਏ ਉਹ ਹੇਠਾਂ ਡਿੱਗ ਪਈ ਤੇ ਜ਼ਖਮੀ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜ਼ਖਮੀ ਲੜਕੀ ਇਕ ਪੁਲੀਸ ਕਰਮਚਾਰੀ ਦੀ ਭੈਣ ਹੈ। ਬੈਗ ’ਚ ਇਕ ਲੈਪਟਾਪ, ਮੋਬਾਇਲ ਤੇ ਹਜ਼ਾਰਾਂ ਰੁਪਏ ਦੀ ਨਕਦੀ ਸੀ।