ਘਰੋਟਾ ਨੂੰ ਬਲਾਕ ਦਾ ਦਰਜਾ ਮਿਲਿਆ, ਸਹੂਲਤਾਂ ਨਹੀਂ
ਲੋਕ ਆਪਣੇ ਕੰਮਾਂ ਲਈ ਪਠਾਨਕੋਟ ਦੇ ਦਫ਼ਤਰਾਂ ’ਚ ਚੱਕਰ ਕੱਟਣ ਲਈ ਮਜਬੂਰ
ਘਰੋਟਾ ਇਲਾਕਾ ਪਿਛਲੇ ਕਈ ਸਾਲਾਂ ਤੋਂ ਅਣਦੇਖੀ ਦਾ ਸ਼ਿਕਾਰ ਹੈ। ਕਰੀਬ 15 ਸਾਲ ਪਹਿਲਾਂ ਘਰੋਟਾ ਨੂੰ ਬਲਾਕ ਦਾ ਦਰਜਾ ਤਾਂ ਮਿਲ ਗਿਆ ਸੀ, ਪਰ ਇਸ ਦੇ ਬਾਵਜੂਦ ਅੱਜ ਤੱਕ ਇਥੇ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਸੀ ਡੀ ਪੀ ਓ ਦਫ਼ਤਰ, ਫੂਡ ਸਪਲਾਈ ਦਫ਼ਤਰ, ਕੰਡੀ ਪ੍ਰਾਜੈਕਟ, ਜੰਗਲਾਤ ਬਲਾਕ ਦਫ਼ਤਰ, ਬਿਜਲੀ ਬੋਰਡ ਸਬ ਡਿਵੀਜ਼ਨ ਵਰਗੇ ਅਹਿਮ ਸਰਕਾਰੀ ਦਫ਼ਤਰ ਨਹੀਂ ਖੁੱਲ੍ਹੇ। ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਅੱਜ ਵੀ ਆਪਣੇ ਛੋਟੇ-ਛੋਟੇ ਕੰਮਾਂ ਲਈ ਪਠਾਨਕੋਟ ਦੇ ਚੱਕਰ ਲਾਉਣੇ ਪੈਂਦੇ ਹਨ। ਇਹ ਗੱਲਾਂ ਭਾਜਪਾ ਆਗੂ ਤੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਇਸ ਖੇਤਰ ਦੇ ਪਿੰਡ ਚੌਹਾਨਾ ਦੇ ਦੌਰੇ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ’ਤੇ ਘਰੋਟਾ ਨੂੰ ਬਲਾਕ ਦਾ ਦਰਜਾ ਦਿੱਤਾ ਗਿਆ ਸੀ ਅਤੇ ਉਸੇ ਸਮੇਂ ਬੀ ਡੀ ਪੀ ਓ ਦਫ਼ਤਰ ਖੋਲ੍ਹਿਆ ਗਿਆ। ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਦਾ ਬੀ ਪੀ ਈ ਓ ਦਫ਼ਤਰ ਵੀ ਖੁੱਲ੍ਹ ਗਿਆ ਪਰ ਬਾਕੀ ਸਾਰੇ ਵਿਭਾਗ ਦਫਤਰ ਅਜੇ ਤੱਕ ਸਿਰਫ਼ ਐਲਾਨਾਂ ਤੱਕ ਹੀ ਸੀਮਤ ਰਹੇ ਹਨ।
ਸੀਮਾ ਕੁਮਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਦਫ਼ਤਰਾਂ ਦੇ ਨਾ ਹੋਣ ਕਾਰਨ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਅਤੇ ਉਨ੍ਹਾਂ ’ਤੇ ਆਰਥਿਕ ਬੋਝ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘਰੋਟਾ ਆਈ ਟੀ ਆਈ ਦਾ ਮਸਲਾ ਵੀ, ਜੋ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਸਮੇਂ ਖੁਦ ਸ਼ੁਰੂ ਕੀਤਾ ਗਿਆ ਸੀ, ਅਜੇ ਤੱਕ ਠੰਢੇ ਬਸਤੇ ਵਿੱਚ ਪਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਘਰੋਟਾ ਵਿੱਚ ਤੁਰੰਤ ਸਾਰੇ ਲੋੜੀਂਦੇ ਬਲਾਕ ਪੱਧਰੀ ਦਫ਼ਤਰ ਤੇ ਆਈ ਟੀ ਆਈ ਨੂੰ ਖੋਲ੍ਹਿਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਅਤੇ ਹੋਰ ਆਗੂ ਹਾਜ਼ਰ ਸਨ।

