ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਉੱਤੇ ਤਾਨਾਸ਼ਾਹੀ ਨੀਤੀਆਂ ਲਾਗੂ ਕਰਨ ਅਤੇ ਨਿੱਜਤਾ ’ਤੇ ਹਮਲਾ ਕਰਨ ਵਾਲੇ ਸਮਾਰਟ ਮੋਬਾਈਲ ਫੋਨ ਜਬਰੀ ਮੁਲਾਜ਼ਮਾਂ ਨੂੰ ਦਿੱਤੇ ਜਾਣ ਖ਼ਿਲਾਫ਼ ਜੁਆਇੰਟ ਫੋਰਮ ਦੇ ਸੱਦੇ ’ਤੇ ਉੱਪ ਮੰਡਲ ਦਾਤਾਰਪੁਰ ਵਿੱਚ ਗੇਟ ਰੈਲੀ ਕੀਤੀ ਗਈ। ਐਂਪਲਾਈਜ਼ ਫੈਡਰੇਸ਼ਨ ਦੇ ਉੱਪ ਮੰਡਲ ਪ੍ਰਧਾਨ ਵਿਨੋਦ ਕੁਮਾਰ ਅਤੇ ਟੀ ਐੱਸ ਯੂ ਦੇ ਸਕੱਤਰ ਗਣੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਵਿੱਚ ਟੀ ਐੱਸ ਯੂ ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ।
ਆਗੂਆਂ ਕਿਹਾ ਕਿ ਪਾਵਰਕੌਮ ਵਿੱਚ ਤਕਨੀਕੀ ਮੁਲਾਜ਼ਮਾਂ ਦੀ ਘਾਟ ਕਾਰਨ ਪਹਿਲਾਂ ਹੀ ਮਾਨਸਿਕ ਦਬਾਅ ਹੇਠ ਕੰਮ ਕਰ ਰਹੇ ਮੁਲਾਜ਼ਮਾਂ ਉੱਤੇ ਪਾਇਆ ਜਾ ਰਿਹਾ ਬੇਲੋੜਾ ਬੋਝ ਹਾਦਸਿਆਂ ਦਾ ਕਾਰਨ ਬਣੇਗਾ। ਸੰਘਰਸ਼ ਦੀ ਰਾਹ ਉੱਤੇ ਵਰਕ ਟੂ ਰੂਲ ਕਰ ਰਹੇ ਮੁਲਾਜ਼ਮਾਂ ਦਾ ਡੇਟਾ ਮੰਗ ਕੇ ਤਾਨਾਸ਼ਾਹੀ ਹੁਕਮ ਚਾੜ੍ਹੇ ਜਾ ਰਹੇ ਹਨ। ਤਰੁੱਟੀਆਂ ਨਾਲ ਭਰਪੂਰ ਅਤੇ ਮੁਲਾਜ਼ਮਾਂ ਦੀ ਨਿੱਜਤਾ ’ਤੇ ਹਮਲਾ ਕਰਨ ਵਾਲੇ ਸਮਾਰਟ ਫੋਨ ਧੱਕੇ ਨਾਲ ਦੇਣ ਲਈ ਅਧਿਕਾਰੀਆਂ ਨੂੰ ਤਾਨਾਸ਼ਾਹੀ ਨਿਰਦੇਸ਼ ਦਿੱਤੇ ਜਾ ਰਹੇ ਹਨ। ਸ਼ਿਕਾਇਤਾਂ ਦਾ ਨਿਪਟਾਰਾ ਰਾਤ ਨੂੰ ਅਤੇ ਸਮਾਂਬੱਧ ਕਰਨ ਲਈ ਮੁਲਾਜ਼ਮਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ, ਜਦੋਂ ਕਿ ਜ਼ਮੀਨੀ ਹਾਲਾਤ ਵਿੱਚ ਅਜਿਹਾ ਸੰਭਵ ਨਹੀਂ ਹੈ। ਕੰਢੀ ਵਰਗੇ ਪਹਾੜੀ ਖੇਤਰ ਅੰਦਰ ਸ਼ਾਮ ਨੂੰ ਜੰਗਲੀ ਜਾਨਵਰਾਂ ਦੀ ਆਮਦ ਵਧ ਜਾਣ ਕਾਰਨ ਇਸ ਖੇਤਰ ਦੀਆ ਰਾਤ ਨੂੰ ਸ਼ਿਕਾਇਤਾ ਨਿਪਟਾਉਣੀਆਂ ਸੰਭਵ ਨਹੀਂ ਹਨ। ਰਾਤ ਨੂੰ ਚੌਕੀਦਾਰਾਂ ਦੀ ਘਾਟ ਕਾਰਨ ਐਡਵਾਂਸ ਵਿੱਚ ਟਰਾਂਸਫਾਰਮਰ ਜਾਂ ਹੋਰ ਸਾਮਾਨ ਜਾਰੀ ਕਰਵਾ ਕੇ ਰੱਖਣਾ ਖਤਰੇ ਤੋਂ ਖਾਲੀ ਨਹੀਂ ਹੈ। ਪਹਿਲਾਂ ਹੀ ਟਰਾਂਸਫਾਰਮਰਾਂ ਦੇ ਤੇਲ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕੌਮ ਮੈਨੇਜਮੈਂਟ ਨੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਤਾਨਾਸ਼ਾਹੀ ਹੁਕਮ ਵਾਪਸ ਨਾ ਲਏ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਜੂਨੀਅਰ ਇੰਜਨੀਅਰ ਕਮਲ ਕਿਸ਼ੋਰ, ਇੰਜਨੀਅਰ ਰਾਮ ਅਵਤਾਰ, ਇੰਜਨੀਅਰ ਕ੍ਰਿਸ਼ਨ ਕੁਮਾਰ, ਸਤੀਸ਼ ਕੁਮਾਰ, ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਕੇਵਲ ਸਿੰਘ, ਮੁਨੀਸ਼ ਕੁਮਾਰ, ਦਵਿੰਦਰ ਬਿੰਦੂ, ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

