ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ,21 ਸਤੰਬਰ
ਗੈਂਗਸਟਰ ਗੋਲਡੀ ਬਰਾੜ ਅਤੇ ਹੋਰਨਾ ਖ਼ਿਲਾਫ਼ ਵਿੱਢੀ ਇੱਕ ਮੁਹਿੰਮ ਤਹਿਤ ਅੱਜ ਪੰਜਾਬ ਪੁਲੀਸ ਨੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਵਿੱਚ 100 ਤੋਂ ਵੱਧ ਥਾਵਾਂ ’ਤੇ ਛਾਪਾ ਮਾਰਿਆ। ਇਸ ਛਾਪੇ ਦੌਰਾਨ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਪੁੱਛ-ਗਿੱਛ ਕੀਤੀ ਗਈ ਹੈ।
ਪੰਜਾਬ ਪੁਲੀਸ ਵੱਲੋਂ ਇਸ ਸਬੰਧੀ ਸੂਬਾ ਪੱਧਰੀ ਕਾਰਵਾਈ ਦੌਰਾਨ ਵੱਖ-ਵੱਖ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਸੂਬੇ ਭਰ ਵਿੱਚ 1100 ਤੋਂ ਵੱਧ ਥਾਵਾਂ ’ਤੇ ਛਾਪਾਮਾਰੀ ਕੀਤੀ ਗਈ ਹੈ। ਇਸੇ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਇਲਾਕੇ ਹੇਠ ਆਉਂਦੇ ਲਗਭਗ 135 ਥਾਵਾਂ ’ਤੇ ਛਾਪਾਮਾਰੀ ਕੀਤੀ ਹੈ। ਪੁਲੀਸ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਛਾਪਾਮਾਰੀ ਲਗਪਗ ਸਾਰਾ ਦਿਨ ਜਾਰੀ ਰਹੀ । ਇਸ ਸਬੰਧ ਵਿਚ ਪੁਲੀਸ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸ ਜਿਨ੍ਹਾਂ ਨੇ ਇੱਕੋ ਸਮੇਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ । ਇਸ ਛਾਪਾਮਾਰੀ ਦੌਰਾਨ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਕੋਈ ਬਰਾਮਦਗੀ ਹੋਈ ਹੈ ਪਰ ਪੁਲੀਸ ਨੂੰ ਕਈ ਅਹਿਮ ਸੂਚਨਾਵਾਂ ਹੱਥ ਲੱਗੀਆਂ ਹਨ। ਇਨ੍ਹਾਂ ਗੈਂਗਸਟਰਾਂ ਦੇ ਕਈ ਸਾਥੀ ਅਤੇ ਸਮਰਥਕ ਸ਼ਾਂਤ ਹੋ ਚੁੱਕੇ ਹਨ ਅਤੇ ਕਈ ਘਰਾਂ ਤੋਂ ਭੱਜੇ ਹੋਏ ਹਨ। ਪੁਲੀਸ ਨੇ ਘਰੋਂ ਭੱਜੇ ਹੋਏ ਵਿਅਕਤੀਆਂ ਦੀਆਂ ਟਿਕਾਣਿਆਂ ਬਾਰੇ ਪਤਾ ਲਾਉਣ ਦਾ ਯਤਨ ਕੀਤਾ ਹੈ ਜਿਸ ਵਿੱਚ ਪੁਲਿਸ ਨੂੰ ਸਫ਼ਲਤਾ ਵੀ ਮਿਲੀ ਹੈ। ਇਸ ਦੇ ਆਧਾਰ ’ਤੇ ਪੁਲੀਸ ਵੱਲੋਂ ਅਗਲੇਰੀ ਰਣਨੀਤੀ ਉਲੀਕੀ ਜਾਵੇਗੀ। ਇਸ ਦੀ ਪੁਸ਼ਟੀ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਪੀ ਜੁਗਰਾਜ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ਼ ਅੱਜ ਕਾਰਵਾਈ ਮੁਹਿੰਮ ਚਲਾਈ ਹੈ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਵੀ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ।
ਜਲੰਧਰ (ਹਤਿੰਦਰ ਮਹਿਤਾ): ਜਲੰਧਰ ’ਚ ਪੁਲੀਸ ਨੇ ਅੱਜ ਇੱਕੋ ਸਮੇਂ 15 ਥਾਂਵਾਂ ’ਤੇ ਛਾਪੇ ਮਾਰੇ। ਇਹ ਛਾਪੇ ਲੋੜੀਂਦੇ ਗੈਂਗਸਟਰ ਅਤੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ’ਤੇ ਕੀਤੀ ਗਈ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗੋਲਡੀ ਬਰਾੜ ਸਮੇਤ ਵਿਦੇਸ਼ ਬੈਠੇ 11 ਮੋਸਟ ਵਾਂਟੇਡ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਇਸ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਪੁਲੀਸ ਹਰਕਤ ’ਚ ਆ ਗਈ ਅਤੇ ਗੋਲਡੀ ਬਰਾੜ ਦੇ ਕਰੀਬੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ। ਪੁਲੀਸ ਨੇ ਜਲੰਧਰ ਸ਼ਹਿਰ ’ਚ 15 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇੱਥੋਂ ਤੱਕ ਕਿ ਘਰ ਦੀਆਂ ਅਲਮਾਰੀਆਂ ਵਿੱਚੋਂ ਬਿਸਤਰੇ ਅਤੇੇ ਡੱਬਿਆਂ ਤੱਕ ਫਰੋਲੇ ਗਏ। ਕਈ ਥਾਵਾਂ ’ਤੇ ਲੋਕਾਂ ਨੇ ਪੁਲੀਸ ਦੀ ਇਸ ਕਾਰਵਾਈ ’ਤੇ ਇਤਰਾਜ਼ ਜਤਾਇਆ ਅਤੇ ਪੁਲੀਸ ਨਾਲ ਵਿਵਾਦ ਵੀ ਕੀਤਾ। ਛਾਪੇ ਮਾਰ ਰਹੇ ਪੁਲੀਸ ਮੁਲਾਜ਼ਮਾਂ ਦਾ ਇੱਕ ਹੀ ਜਵਾਬ ਸੀ ਕਿ ਇਹ ਛਾਪੇ ਡੀਜੀਪੀ ਦੇ ਹੁਕਮਾਂ ’ਤੇ ਮਾਰੇ ਜਾ ਰਹੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ ਡੀਜੀਪੀ ਦੇ ਹੁਕਮਾਂ ’ਤੇ ਸਰਚ ਅਭਿਆਨ ਚਲਾਇਆ ਗਿਆ ਸੀ। ਇਹ ਕਾਰਵਾਈ ਦੁਪਹਿਰ 2 ਵਜੇ ਤੱਕ ਜਾਰੀ ਰਹੀ। ਹੁਕਮਾਂ ਅਨੁਸਾਰ ਕਾਰਵਾਈ ਦੌਰਾਨ ਜਿਹੜੇ ਵੀ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇਗਾ, ਉਨ੍ਹਾਂ ਦੇ ਸਾਰੇ ਵੇਰਵੇ ਸ਼ਾਮ ਨੂੰ ਪੁਲੀਸ ਹੈੱਡਕੁਆਰਟਰ ਨੂੰ ਭੇਜੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਉਨ੍ਹਾਂ ਲੋਕਾਂ ’ਤੇ ਕੀਤੀ ਗਈ ਹੈ, ਜਿਨ੍ਹਾਂ ਨਾਲ ਗੋਲਡੀ ਬਰਾੜ ਅਤੇ ਲਾਰੈਂਸ ਨਾਲ ਸਬੰਧਾਂ ਦਾ ਪਤਾ ਲੱਗਾ ਹੈ।