ਮੁਕਤ ਵਪਾਰ ਸਮਝੌਤਾ ਭਾਰਤੀ ਹਿੱਤਾਂ ਖ਼ਿਲਾਫ਼: ਸੇਖੋਂ
ਸੀ ਪੀ ਐੱਮ ਦਾ ਜ਼ਿਲ੍ਹਾ ਪੱਧਰੀ ਇਜਲਾਸ; ਲਖਵਿੰਦਰ ਸਿੰਘ ਮਰੜ ਸਕੱਤਰ ਚੁਣੇ
ਸਥਾਨਕ ਰਾਮ ਸਿੰਘ ਦੱਤਾ ਹਾਲ ਵਿੱਚ ਕੁੱਲ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਜ਼ਿਲ੍ਹਾ ਗੁਰਦਾਸਪੁਰ ਦੀ 24ਵੀਂ ਪਾਰਟੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦੀ ਸ਼ੁਰੂਆਤ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਕਨਵੀਨਰ ਰਣਵੀਰ ਸਿੰਘ ਵਿਰਕ ਵੱਲੋਂ ਪਾਰਟੀ ਦਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਪਿਛਲੇ ਸਮੇਂ ਦੌਰਾਨ ਵਿਛੜੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਯਾਦ ਵਿੱਚ ਸਾਥੀ ਲਖਵਿੰਦਰ ਸਿੰਘ ਮਰੜ ਵੱਲੋਂ ਸੋਗ ਮਤਾ ਪੇਸ਼ ਕੀਤਾ ਗਿਆ। ਹਾਜ਼ਰੀਨ ਵੱਲੋਂ ਇੱਕ ਮਿੰਟ ਦਾ ਮੌਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਨਫਰੰਸ ਵਿੱਚ 40 ਡੈਲੀਗੇਟਾਂ ਨੇ ਭਾਗ ਲਿਆ। ਹਾਊਸ ਦੀ ਪ੍ਰਧਾਨਗੀ ਰੂਪ ਸਿੰਘ ਪੱਡਾ, ਮੁਰਾਰੀ ਲਾਲ ਸ਼ਰਮਾ ਅਤੇ ਲਖਵਿੰਦਰ ਸਿੰਘ ਮਰੜ ਨੇ ਕੀਤੀ। ਉਦਘਾਟਨੀ ਭਾਸ਼ਣ ਦੌਰਾਨ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਾ ਭਾਰਤ ਦੇ ਹਿੱਤਾਂ ਖ਼ਿਲਾਫ਼ ਹੈ ਅਤੇ ਇਸ ਨੂੰ ਫੌਰੀ ਰੱਦ ਕਰਨਾ ਚਾਹੀਦਾ ਹੈ। ਇਸ ਮੌਕੇ ਮੁਰਾਰੀ ਲਾਲ ਸ਼ਰਮਾ ਵੱਲੋਂ ਪੇਸ਼ ਪਿਛਲੇ ਤਿੰਨ ਸਾਲਾਂ ਦੀ ਕਾਰਵਾਈ ਰਿਪੋਰਟ ਨੂੰ ਚਰਚਾ ਮਗਰੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਕਾਨਫਰੰਸ ਦੌਰਾਨ ਨਵੀਂ 10 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਰੂਪ ਸਿੰਘ ਪੱਡਾ, ਜਨਕ ਰਾਜ, ਜਗਦੀਪ ਸਿੰਘ, ਲਖਵਿੰਦਰ ਸਿੰਘ ਮਰੜ, ਅਮਰਜੀਤ ਸਿੰਘ ਰਿਖਿਆ, ਅਨੂਪ ਸਿੰਘ, ਨਵਤੇਜ ਸਿੰਘ ਚੌਤਾ, ਧੀਰ ਸਿੰਘ ਸਿੱਧੂ, ਰਣਜੀਤ ਸਿੰਘ ਅਤੇ ਧੀਰ ਸਿੰਘ ਚਿਤੌੜਗੜ੍ਹ ਸ਼ਾਮਲ ਹਨ। ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ। ਅਖ਼ੀਰ ਵਿੱਚ ਮੇਜਰ ਸਿੰਘ ਭਿੱਖੀਵਿੰਡ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਲਈ ਵੱਧ ਤੋਂ ਵੱਧ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪੁਰਸ਼ੋਤਮ ਸਿੰਘ ਮਾਨਹਾਸ, ਮਾਸਟਰ ਦੇਸ ਰਾਜ, ਜਗੀਰ ਸਿੰਘ, ਨਿਰਮਲ ਸਿੰਘ ਮਰੜ ਸਮੇਤ ਹੋਰ ਆਗੂ ਹਾਜ਼ਰ ਸਨ।

