ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਪਰੈਲ
ਪੰਜਾਬ ਸਰਕਾਰ ਨੇ ਕਰੋਨਾ ਪੀੜਤ ਕਿਰਤੀਆਂ ਨੂੰ ਮੁਫਤ ਰਾਸ਼ਨ ਕਿੱਟਾਂ ਦੇਣ ਦਾ ਫੈਸਲਾ ਕੀਤਾ ਹੈ। ਜਲੰਧਰ ਵਿੱਚ ਸੁੱਕੇ ਰਾਸ਼ਨ ਦੀਆਂ 400 ਕਿੱਟਾਂ ਦੀ ਪਹਿਲੀ ਖੇਪ ਪੁੱਜ ਗਈ ਹੈ। ਪ੍ਰਤੀ ਕਿੱਟ ਵਿੱਚ 10 ਕਿਲੋ ਆਟਾ, ਦੋ ਕਿਲੋ ਕਾਲੇ ਛੋਲਿਆਂ ਦੀ ਦਾਲ ਤੇ ਦੋ ਕਿਲੋ ਚੀਨੀ ਹੋਵੇਗੀ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਇਨ੍ਹਾਂ ਕਿੱਟਾਂ ਨੂੰ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕਿੱਟਾਂ ਉਨ੍ਹਾਂ ਕਰੋਨਾ ਪੀੜਤ ਗਰੀਬਾਂ ਨੂੰ ਵੰਡੀਆਂ ਜਾਣਗੀਆਂ ਜਿਹੜੇ ਇਕਾਂਤਵਾਸ ਹਨ ਤੇ ਉਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਹੋਰ ਕੋਵਿਡ ਤੋਂ ਪ੍ਰਭਾਵਿਤ ਲੋੜਵੰਦਾਂ ਨੂੰ ਕਿੱਟਾਂ ਦਿੱਤੀਆਂ ਜਾਣਗੀਆਂ। ਜਿਹੜੀਆਂ ਆਟੇ ਦੀਆਂ ਥੈਲੀਆਂ ਜਲੰਧਰ ਪੁੱਜੀਆਂ ਹਨ ਉਨ੍ਹਾਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੱਥ ਜੋੜੇ ਵਾਲੀ ਤਸਵੀਰ ਨੂੰ ਵੀ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ।
ਰੇਲਵੇ ਸਟੇਸ਼ਨ ’ਤੇ ਕੋਵਿਡ ਜਾਂਚ: ਇਥੇ ਰੇਲ ਯਾਤਰੀਆਂ ਦੇ ਕਰੋਨਾ ਟੈਸਟ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਵੱਲੋਂ ਰੇਲਵੇ ਸਟੇਸ਼ਨ ’ਤੇ ਡਾਕਟਰਾਂ ਤਾਇਨਾਤ ਕਰ ਦਿੱਤੇ ਗਏ ਹਨ। ਯਾਤਰੂਆਂ ਦਾ ਆਰਟੀ/ਪੀਸੀਆਰ ਅਤੇ ਰੈਪਿਡ ਟੈਸਟ ਕੀਤੇ ਜਾ ਰਹੇ ਹਨ ਤੇ 10-15 ਮਿੰਟਾਂ ਵਿਚ ਰਿਪੋਰਟ ਆ ਜਾਂਦੀ ਹੈ। ਜਿਹੜੇ ਪਾਜ਼ੇਟਿਵ ਆਉਂਦੇ ਹਨ ਉਨ੍ਹਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਡਾ. ਦੀਪਤੀ ਬੈਂਸ ਤੇ ਡਾ. ਰੌਕੀ ਕੁਮਾਰ ਨੇ ਦੱਸਿਆ ਕਿ ਜਿਥੇ ਯਾਤਰੂਆਂ ਨੂੰ ਕਰੋਨਾ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਕਰੋਨਾ ਕਾਰਨ ਅੰਮ੍ਰਿਤਸਰ ਵਿੱਚ ਛੇ ਮੌਤਾਂ; 357 ਨਵੇਂ ਕੇਸ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਅੱਜ ਇਥੇ ਛੇ ਵਿਅਕਤੀਆਂ ਦੀ ਮੌਤ ਹੋਈ ਹੈ ਤੇ 357 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਅੱਜ ਸਾਧਾ ਸਿੰਘ ਵਾਸੀ ਬਾਬਾ ਦੀਪ ਸਿੰਘ ਐਵੀਨਿਊ, ਪਾਲ ਸਿੰਘ ਵਾਸੀ ਪਿੰਡ ਹਰਸ਼ਾ ਛੀਨਾ ਚਰਨਜੀਤ ਸਿੰਘ ਵਾਸੀ ਬਾਬਾ ਬਕਾਲਾ, ਸੁਖਦੇਵ ਸਿੰਘ ਵਾਸੀ ਪਿੰਡ ਖਜਾਲਾ, ਨਰਿੰਦਰ ਸਿੰਘ ਵਾਸੀ ਪਿੰਡ ਸਠਿਆਲਾ ਅਤੇ ਬਲਵਿੰਦਰ ਸਿੰਘ ਵਾਸੀ ਅਜਨਾਲਾ ਦੀ ਮੌਤ ਹੋਈ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਕਰੋਨਾ ਪੀੜਤ ਚਾਰ ਮਰੀਜ਼ਾਂ ਮੌਤ ਹੋਈ ਹੈ ਜਦੋਂਕਿ 449 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 1010 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 36,280 ਤੱਕ ਜਾ ਪਹੁੰਚਿਆ ਹੈ।