ਪੱਤਰ ਪ੍ਰੇਰਕ
ਜਲੰਧਰ, 7 ਜਨਵਰੀ
ਬਾਰਾਂਦਰੀ ਦੀ ਪੁਲੀਸ ਨੇ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਟਰੈਵਲ ਏਜੰਟ ਨੇ ਨਾ ਤਾਂ ਵਿਅਕਤੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੀੜਤ ਰਾਜ ਕਮਲ ਵਾਸੀ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ’ਤੇ ਥਾਣਾ ਬਾਰਾਂਦਰੀ ਵਿੱਚ ਏਜੰਟ ਹਰਪ੍ਰੀਤ ਸਿੰਘ ਵਾਸੀ ਨਿਜ਼ਾਤਮ ਨਗਰ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਹ ਅਗਸਤ 2023 ਵਿੱਚ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਖ ਕੇ ਏਜੰਟ ਦੇ ਸੰਪਰਕ ਵਿੱਚ ਆਇਆ ਸੀ। ਜਦੋਂ ਉਸ ਨੇ ਫੋਨ ਕੀਤਾ ਤਾਂ ਏਜੰਟ ਨੇ ਉਸ ਨੂੰ ਬੱਸ ਸਟੈਂਡ ਨੇੜੇ ਆਪਣੇ ਦਫਤਰ ਵਿੱਚ ਮਿਲਣ ਲਈ ਬੁਲਾਇਆ। ਜਦੋਂ ਉਹ ਏਜੰਟ ਦੇ ਦਫ਼ਤਰ ਗਿਆ ਤਾਂ ਉਸ ਨੇ ਉਸ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦਾ ਬਹਾਨਾ ਲਾਇਆ। ਉਸ ਨੇ ਏਜੰਟ ਦੀ ਗੱਲ ਮੰਨ ਲਈ ਅਤੇ ਉਸ ਨੂੰ ਪਾਸਪੋਰਟ ਅਤੇ ਅੰਬੈਸੀ ਫੀਸ ਦੇ ਦਿੱਤੀ। ਕੁਝ ਦਿਨਾਂ ਬਾਅਦ ਏਜੰਟ ਨੇ ਹਰ ਵਾਰ ਨਵੇਂ-ਨਵੇਂ ਬਹਾਨੇ ਬਣਾ ਕੇ ਉਸ ਤੋਂ ਕੁੱਲ 15 ਲੱਖ ਰੁਪਏ ਲੈ ਲਏ, ਪਰ ਦਿੱਤੇ ਸਮੇਂ ਅੰਦਰ ਵੀਜ਼ਾ ਨਹੀਂ ਲਗਵਾਇਆ। ਉਸ ਦੇ ਪੁੱਛਣ ’ਤੇ ਏਜੰਟ ਹਰ ਵਾਰ ਨਵਾਂ ਬਹਾਨਾ ਲਾ ਕੇ ਦੱਸਦਾ ਰਿਹਾ ਕਿ ਵੀਜ਼ਾ ਆ ਜਾਵੇਗਾ ਪਰ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਏਜੰਟ ਤੋਂ ਵੀਜ਼ਾ ਨਹੀਂ ਮਿਲਿਆ। ਉਨ੍ਹਾਂ ਨੇ ਉਸ ਦੀਆਂ ਕਾਲਾਂ ਚੁੱਕਣੀਆਂ ਵੀ ਬੰਦ ਕਰ ਦਿੱਤੀਆਂ, ਜਿਸ ਤੋਂ ਬਾਅਦ ਜਦੋਂ ਉਹ ਏਜੰਟ ਦੇ ਦਫਤਰ ਗਿਆ ਤਾਂ ਉਹ ਉਸ ਨੂੰ ਨਹੀਂ ਮਿਲਿਆ, ਜਿਸ ਬਾਰੇ ਉਸ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਉਸ ਦੀ ਸ਼ਿਕਾਇਤ ਬਾਰਾਦਰੀ ਥਾਣੇ ਨੂੰ ਭੇਜ ਦਿੱਤੀ ਗਈ। ਬਾਰਾਂਦਰੀ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਏਜੰਟ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

