Forest Land Encroachment: ਪਿੰਡ ਮੋਹਨ ਮਾਜਰਾ ਵਿੱਚ ਜੰਗਲਾਤ ਜ਼ਮੀਨ ’ਤੇ ਕਬਜ਼ਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਹਲਕੇ ਦੇ ਪਿੰਡ ਮੋਹਨ ਮਾਜਰਾ ਵਿੱਚ ਦਫ਼ਾ 4 ਅਧੀਨ ਆਉਂਦੀ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਥਿਤ ਭੂ-ਮਾਫ਼ੀਆ ਵੱਲੋਂ ਪੱਧਰਾ ਕਰਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਧੱਕੇਸ਼ਾਹੀ ਅਤੇ ਸਦੀਆਂ ਪੁਰਾਣੀ ਕੁਦਰਤੀ ਖੱਡ (ਚੋਅ) ਦਾ ਵਹਾਅ ਬੰਦ ਕਰਨ ਦੇ ਵਿਰੋਧ...
ਹਲਕੇ ਦੇ ਪਿੰਡ ਮੋਹਨ ਮਾਜਰਾ ਵਿੱਚ ਦਫ਼ਾ 4 ਅਧੀਨ ਆਉਂਦੀ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਥਿਤ ਭੂ-ਮਾਫ਼ੀਆ ਵੱਲੋਂ ਪੱਧਰਾ ਕਰਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਧੱਕੇਸ਼ਾਹੀ ਅਤੇ ਸਦੀਆਂ ਪੁਰਾਣੀ ਕੁਦਰਤੀ ਖੱਡ (ਚੋਅ) ਦਾ ਵਹਾਅ ਬੰਦ ਕਰਨ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬਾਹਰੀ ਪਾਰਟੀਆਂ ਵੱਲੋਂ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਰਾਤੋ-ਰਾਤ ਭਾਰੀ ਮਸ਼ੀਨਰੀ ਚਲਾ ਕੇ ਟਿੱਬਿਆਂ ਅਤੇ ਕੁਦਰਤੀ ਜੰਗਲ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਮਗਰੋਂ ਇਸ ਜ਼ਮੀਨ ਉੱਤੇ ਕਬਜ਼ਾ ਕਰਕੇ ਖੇਤ ਬਣਾਏ ਜਾ ਰਹੇ ਹਨ। ਲੋਕਾਂ ਨੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਜਿਸ ਸਦੀਆਂ ਪੁਰਾਣੀ ਖੱਡ ਰਾਹੀਂ ਇਲਾਕੇ ਦੇ ਬਰਸਾਤੀ ਪਾਣੀ ਦੀ ਨਿਕਾਸੀ ਹੁੰਦੀ ਸੀ, ਉਸ ਨੂੰ ਮਿੱਟੀ ਪਾ ਕੇ ਮੁਕੰਮਲ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਪਾਣੀ ਦਾ ਰੁਖ਼ ਪਿੰਡ ਵੱਲ ਮੁੜ ਗਿਆ ਹੈ, ਜਿਸ ਸਦਕਾ ਮੌਜੂਦਾ ਬਰਸਾਤੀ ਮੌਸਮ ਦੌਰਾਨ ਭਾਰੀ ਮੀਂਹ ਪੈਣ ਉੱਤੇ ਪੂਰੇ ਪਿੰਡ ਵਿੱਚ ਹੜ੍ਹ ਆਉਣ ਅਤੇ ਵੱਡੇ ਜਾਨੀ-ਮਾਲੀ ਨੁਕਸਾਨ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਸ ਮੌਕੇ ਸਾਬਕਾ ਸਰਪੰਚ ਮੋਹਨ ਲਾਲ, ਰਾਮ ਸ਼ਾਹ, ਗੁਰਸ਼ਕਤੀ ਬਾਗੜੀ ਅਤੇ ਹੋਰ ਪਤਵੰਤਿਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਦਫ਼ਾ 4 ਅਧੀਨ ਆਉਂਦੀ ਜ਼ਮੀਨ ਵਿੱਚੋਂ ਆਮ ਲੋਕਾਂ ਨੂੰ ਇੱਕ ਟਰਾਲੀ ਰੇਤ ਚੁੱਕਣ ਦੀ ਵੀ ਮਨਾਹੀ ਹੁੰਦੀ ਹੈ, ਜਦਕਿ ਇੱਥੇ ਸ਼ਰੇਆਮ ਪਹਾੜੀਆਂ ਅਤੇ ਹਰੇ-ਭਰੇ ਰੁੱਖ ਕੱਟ ਕੇ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ। ਉਨ੍ਹਾਂ ਰੋਸ ਜਤਾਇਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਗੰਭੀਰ ਮਸਲੇ ਵੱਲ ਕੋਈ ਠੋਸ ਧਿਆਨ ਨਹੀਂ ਦਿੱਤਾ।
ਦੂਜੇ ਪਾਸੇ, ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਗੁਰਮੋਹਨ ਸਿੰਘ ਆਪਣੀ ਟੀਮ ਸਮੇਤ ਮੌਕੇ ਉੱਤੇ ਪੁੱਜੇ। ਉਨ੍ਹਾਂ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਨਿਰੀਖਣ ਕਰਨ ਉਪਰੰਤ ਦੱਸਿਆ ਕਿ ਵਿਭਾਗ ਵੱਲੋਂ ਇਸ ਸਾਰੀ ਜਗ੍ਹਾ ਦੀ ਡੈਮੇਜ ਰਿਪੋਰਟ (ਡੀ ਆਰ) ਕੱਟ ਦਿੱਤੀ ਗਈ ਹੈ। ਅੰਤ ਵਿੱਚ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੰਗਲ ਨੂੰ ਤਹਿਸ-ਨਹਿਸ ਕਰਨ ਵਾਲੇ ਕਸੂਰਵਾਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

