ਖ਼ੁਰਾਕ ਸਪਲਾਈ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ
ਖ਼ੁਰਾਕ ਸਪਲਾਈ ਵਿਭਾਗ ਵਿੱਚ ਤਾਇਨਾਤ ਸਮੂਹ ਨਿਰੀਖਕਾਂ (ਇੰਸਪੈਕਟਰਾਂ) ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਨੇ ਵਿਭਾਗ ਦੀਆਂ ਕਥਿਤ ਗਲਤ ਨੀਤੀਆਂ, ਤਨਖਾਹਾਂ ਵਿੱਚੋਂ ਨਾਜਾਇਜ਼ ਲੇਟ ਡਾਕੂਮੈਂਟ ਰਿਕਵਰੀਆਂ ਅਤੇ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ...
ਖ਼ੁਰਾਕ ਸਪਲਾਈ ਵਿਭਾਗ ਵਿੱਚ ਤਾਇਨਾਤ ਸਮੂਹ ਨਿਰੀਖਕਾਂ (ਇੰਸਪੈਕਟਰਾਂ) ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਨੇ ਵਿਭਾਗ ਦੀਆਂ ਕਥਿਤ ਗਲਤ ਨੀਤੀਆਂ, ਤਨਖਾਹਾਂ ਵਿੱਚੋਂ ਨਾਜਾਇਜ਼ ਲੇਟ ਡਾਕੂਮੈਂਟ ਰਿਕਵਰੀਆਂ ਅਤੇ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਅਤੇ ਹਰ ਤਰ੍ਹਾਂ ਦੇ ਕੰਮ ਮੁਕੰਮਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇੰਸਪੈਕਟੋਰੇਟ ਫੂਡ ਸਪਲਾਈ ਯੂਨੀਅਨ ਪੰਜਾਬ ਵੱਲੋਂ ਆਪੋ-ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਜਨਤਕ ਵੰਡ ਪ੍ਰਣਾਲੀ ਅਤੇ ਸੂਬੇ ਦੇ ਅਨਾਜ ਦੀ ਖਰੀਦ, ਸਾਂਭ ਸੰਭਾਲ ਅਤੇ ਦੇਸ਼ ਭਰ ਵਿੱਚ ਮੂਵਮੈਂਟ ਵਰਗੇ ਅਹਿਮ ਕਾਰਜਾਂ ਨੂੰ ਨੇਪਰੇ ਚਾੜ੍ਹਣ ਵਾਲੇ ਫੀਲਡ ਸਟਾਫ਼ ਦਾ ਪਿਛਲੇ ਕਈ ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ ਲੇਟ ਡਾਕੂਮੈਂਟ ਰਿਕਵਰੀਆਂ ਦੇ ਨਾਂ ’ਤੇ ਕੀਤੀਆਂ ਭਾਰੀ ਕਟੌਤੀਆਂ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਵਿਭਾਗ ਵੱਲੋਂ ਅਨਾਜ ਦੀ ਸਾਂਭ ਸੰਭਾਲ ਲਈ ਲੋੜੀਂਦਾ ਸਟਾਕ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਸਰਕਾਰ ਦਾ ਕਰੋੜਾਂ ਰੁਪਏ ਦਾ ਵਿੱਤੀ ਅਤੇ ਕੁਆਲਟੀ ਨੁਕਸਾਨ ਹੋਣ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਵੀ ਖੁਰਾਕ ਸਪਲਾਈ ਦੇ ਨਿਰੀਖਕਾਂ ਨੇ ਹਰ ਘਰ ਤੱਕ ਰਾਸ਼ਨ ਪਹੁੰਚਾਉਣਾ ਯਕੀਨੀ ਬਣਾਇਆ ਪਰ ਵਿਭਾਗ ਨੇ ਹਮੇਸ਼ਾਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੈ ਜਿਸ ਕਾਰਨ ਉਨ੍ਹਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਦੀ ਹੜਤਾਲ ਨੂੰ ਸਹਾਇਕ ਖੁਰਾਕ ਸਪਲਾਈ ਯੂਨੀਅਨ ਵੱਲੋਂ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ ਜਿਸ ਕਾਰਨ ਉਹ ਰੋਸ ਪ੍ਰਦਰਸ਼ਨ ਲਈ ਮਜਬੂਰ ਹੋ ਗਏ ਹਨ ਤੇ ਰੋਸ ਜ਼ਾਹਿਰ ਕਰ ਰਹੇ ਹਨ।

