Sakki Nala ਦੇ ਨੇੜਲੇ ਪਿੰਡਾਂ ’ਚ ਹਾਲੇ ਵੀ ਹੜ੍ਹਾਂ ਵਰਗੇ ਹਾਲਾਤ
ਸਿਆਸੀ ਆਗੂ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਇੱਕ-ਦੂਜੇ ’ਤੇ ਲਾ ਰਹੇ ਨੇ ਦੋਸ਼
ਅਜਨਾਲਾ ਤਹਿਸੀਲ ਵਿੱਚ ਭਾਰੀ ਮੀਂਹ ਕਾਰਨ ਸੱਕੀ ਨਾਲੇ ਦੇ ਨੇੜਲੇ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਸੱਕੀ ਨਾਲੇ ਵਿੱਚ ਪਾਣੀ ਦਾ ਪੱਧਰ ਅਜੇ ਵੀ ਖ਼ਤਰੇ ਵਾਲਾ ਹੈ ਅਤੇ ਕਿਸਾਨ ਡੂੰਘੀ ਚਿੰਤਾ ਵਿੱਚ ਹਨ।
ਦੂਜੇ ਪਾਸੇ ਰਾਵੀ ਦਰਿਆ ਦੇ ਕੰਢੇ ਵਸੇ ਪਿੰਡਾਂ ਵਿੱਚ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚਾਹਵਾਨ ਆਗੂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਫੋਟੋ ਸੈਸ਼ਨ ਕਰਵਾ ਰਹੇ ਹਨ। ਸੋਸ਼ਲ ਮੀਡੀਆ ’ਤੇ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਹੜ੍ਹ ਰੋਕੂ ਪ੍ਰਬੰਧਾਂ ਦੀ ਘਾਟ ਉੱਪਰ ਬਿਆਨਬਾਜ਼ੀ ਜਾਰੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਨੇ ਇਸ ਰਵੱਈਏ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਫੋਟੋ ਸ਼ੂਟ ਦੀ ਥਾਂ ਇਕੱਠੇ ਹੋ ਕੇ ਨਾਲੇ ਦੀ ਸਫ਼ਾਈ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਸੀ। ਜੇ ਸਮਾਂ ਰਹਿੰਦਿਆਂ ਕਦਮ ਚੁੱਕੇ ਜਾਂਦੇ ਤਾਂ ਕਿਸਾਨਾਂ ਦਾ ਨੁਕਸਾਨ ਨਾ ਹੁੰਦਾ। ਉਨ੍ਹਾਂ ਨੇ ਆਗੂਆਂ ਦੇ ਦੌਰਿਆਂ ਨੂੰ ਮਹਿਜ਼ ਡਰਾਮਾ ਦੱਸਿਆ ਹੈ।

