ਦਲੇਰ ਸਿੰਘ ਚੀਮਾ
ਭੁਲੱਥ, 24 ਸਤੰਬਰ
‘ਖੇਡਾਂ ਵਤਨ ਪੰਜਾਬੀ ਦੀਆਂ’ ਤਹਿਤ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਵਿੱਚ ਭੁਲੱਥ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਾਰੇ ਹੀ ਖਿਡਾਰੀਆਂ ਨੂੰ ਸੋਨੇ ਦੇ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਟੀਮ ਦੇ ਲੀਡਰ ਰਾਹੁਲ ਕੁਮਾਰ ਨੇ ਦੱਸਿਆ ਜਿੱਤ ਕੋਚ ਦਿਨੇਸ਼ ਸ਼ਰਮਾ ਦੇ ਯਤਨਾਂ ਸਦਕਾ ਮਿਲੀ ਹੈ। ਕੋਚ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਉਹ ਕਸਬੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਵਿਚ ਆਉਣ ਲਈ ਪ੍ਰੇਰਨਾ ਦਿੰਦੇ ਹਨ।
ਐੱਸਐੱਸਐੱਮ ਕਾਲਜ ਨੇ ਟਰਾਫ਼ੀ ਜਿੱਤੀ
ਦੀਨਾਨਗਰ (ਪੱਤਰ ਪ੍ਰੇਰਕ): ਐੱਸਐੱਸਐੱਮ ਕਾਲਜ ਦੀਨਾਨਗਰ ਨੇ 14ਵੀਂ ਵਾਰ ਓਵਰਆਲ ਜਨਰਲ ਸਪੋਰਟਸ (ਬੀ-ਡਿਵੀਜ਼ਨ) ਟਰਾਫ਼ੀ ਜਿੱਤ ਕੇ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਆਪਣੀ ਝੰਡੀ ਬਰਕਰਾਰ ਰੱਖੀ ਹੈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਅਤੇ ਕੋਚਾਂ ਦਾ ਅੱਜ ਕਾਲਜ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਲਜ ਦੇ 20 ਖਿਡਾਰੀਆਂ ਨੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ 8 ਖਿਡਾਰੀਆਂ ਨੇ ਖੇਡੋ ਇੰਡੀਆ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਿਆਂ 3 ਗੋਲਡ, 4 ਸਿਲਵਰ ਅਤੇ 4 ਤਾਂਬੇ ਦੇ ਮੈਡਲ ਪ੍ਰਾਪਤ ਕੀਤੇ ਹਨ। ਇਸੇ ਆਧਾਰ ’ਤੇ ਕਾਲਜ ਨੂੰ ਓਵਰਆਲ ਟਰਾਫ਼ੀ ਜਿੱਤਣ ਦਾ ਮਾਣ ਹਾਸਲ ਹੋਇਆ ਹੈ।
ਡੀਸੀ ਵੱਲੋਂ ਖਿਡਾਰਨ ਰਚਨਾ ਦੀ ਵਿੱਤੀ ਸਹਾਇਤਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪ੍ਰਾਇਮਰੀ ਸਕੂਲ ਖੇਡਾਂ ਵਿੱਚ ਤਹਿਸੀਲ ਪੱਧਰ ’ਤੇ ਸਕਿਪਿੰਗ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਪਰਵਾਸੀ ਪਰਿਵਾਰ ਦੀ ਬੱਚੀ ਰਚਨਾ ਦੀ ਮਦਦ ਲਈ ਅੱਗੇ ਆਉਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬੱਚੀ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਰਕਮ ਉਸ ਦੇ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖੁੱਲ੍ਹਵਾਏ ਖਾਤੇ ਵਿੱਚ ਜਮ੍ਹਾ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਦਫ਼ਤਰ ਵਿੱਚ ਬੱਚੀ ਅਤੇ ਉਸ ਦੇ ਪਿਤਾ ਰਵਿੰਦਰ ਰਾਮ ਨਾਲ ਮੁਲਾਕਾਤ ਕਰਦਿਆਂ ਰਚਨਾ ਨੂੰ ਗੋਲਡ ਮੈਡਲ ਜਿੱਤਣ ’ਤੇ ਮੁਬਾਰਕਬਾਦ ਦਿੱਤੀ। ਜਸਪ੍ਰੀਤ ਸਿੰਘ ਨੇ ਕਿਹਾ ਕਿ ਰਚਨਾ ਹੋਰਨਾਂ ਬੱਚਿਆਂ ਲਈ ਮਿਸਾਲ ਹੈ, ਜਿਸ ਨੇ ਆਰਥਿਕ ਦਿੱਕਤਾਂ ਦੇ ਬਾਵਜੂਦ ਇਹ ਪ੍ਰਾਪਤੀ ਹਾਸਲ ਕੀਤੀ ਹੈ।