ਪਿੰਡ ਉੱਪਲ ਜਾਗੀਰ ਵਿੱਚ ਗੋਲੀਬਾਰੀ; ਦੋ ਗ੍ਰਿਫ਼ਤਾਰ
ਪਿੰਡ ਉੱਪਲ ਜਗੀਰ ਵਿੱਚ ਕਾਰ ਚਾਲਕ ਵੱਲੋਂ ਸਕੂਟਰੀ ਚਾਲਕ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ। ਨੂਰਮਹਿਲ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਇਸ ਸਬੰਧ ਵਿੱਚ ਲੜਕੇ ਅਤੇ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਹੈਪੀ ਵਾਸੀ ਪਿੰਡ ਉੱਪਲ ਭੂਪਾ...
ਪਿੰਡ ਉੱਪਲ ਜਗੀਰ ਵਿੱਚ ਕਾਰ ਚਾਲਕ ਵੱਲੋਂ ਸਕੂਟਰੀ ਚਾਲਕ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ। ਨੂਰਮਹਿਲ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਇਸ ਸਬੰਧ ਵਿੱਚ ਲੜਕੇ ਅਤੇ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਹੈਪੀ ਵਾਸੀ ਪਿੰਡ ਉੱਪਲ ਭੂਪਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਕੱਲ੍ਹ ਰਾਤ ਉਹ ਆਪਣੇ ਭਰਾ ਨਵਦੀਪ ਸਿੰਘ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਉੱਪਲ ਜਗੀਰ ਵਿੱਚ ਕੈਪੀਟਲ ਬੈਂਕ ਨੇੜਿਓਂ ਲੰਘ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਭਰਾ ਸੜਕ ’ਤੇ ਡਿੱਗ ਪਏ। ਕਾਰ ਵਿੱਚੋਂ ਨੌਜਵਾਨ ਅਤੇ ਲੜਕੀ ਬਾਹਰ ਨਿਕਲੇ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਬਹਿਸ ਦੌਰਾਨ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਇਸੇ ਦੌਰਾਨ ਲੜਕੀ ਦੇ ਕਹਿਣ ’ਤੇ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਨਵਦੀਪ ਸਿੰਘ ਦੇ ਸੱਜੇ ਹੱਥ ਦੇ ਗੁੱਟ ’ਤੇ ਲੱਗੀ, ਜਦਕਿ ਹੈਪੀ ਦੀ ਸੱਜੀ ਬਾਂਹ ’ਤੇ ਵੀ ਸੱਟ ਲੱਗੀ ਹੈ। ਮੁਲਜ਼ਮ ਦੀ ਪਛਾਣ ਹਰਕੀਰਤ ਸਿੰਘ ਵਾਸੀ ਸੋਹਲ ਜਾਗੀਰ, ਥਾਣਾ ਸ਼ਾਹਕੋਟ ਅਤੇ ਲੜਕੀ ਦੀ ਪਛਾਣ ਮਨਜੀਤ ਕੌਰ ਵਾਸੀ ਉੱਪਲ ਜਗੀਰ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈੈ।
