C M Bhagwant Mann ਦੀ ਆਮਦ ਤੋਂ ਪਹਿਲਾਂ ਸੜਕਾਂ ’ਤੇ ਟੋਏ ਭਰਨੇ ਸ਼ੁਰੂ
ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਅੱਜ ਫਗਵਾੜਾ ਪੁੱਜੇਗੀ; ਪ੍ਰਸ਼ਾਸਨ ਨੇ ਤਿਆਰੀਆਂ ਦਾ ਜਾਇਜ਼ਾ ਲਿਆ
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਅਦਬੀਆਂ ਸਬੰਧੀ ਬਣਾਏ ਗਏ ਕਾਨੂੰਨ ਦੇ ਸ਼ੁਕਰਾਨੇ ਲਈ ਕੱਢੀ ਜਾਣ ਵਾਲੀ ਸ਼ੁਕਰਾਨਾ ਯਾਤਰਾ 6 ਮਈ ਨੂੰ ਦੁਪਹਿਰ 2.30 ਵਜੇ ਗਾਂਧੀ ਚੌਕ ਵਿੱਚ ਪੁੱਜੇਗੀ। ਇਸ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਲਈ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਡੀ ਸੀ ਅਕਾਂਸ਼ ਬਾਂਸਲ, ਐੱਸ ਐੱਸ ਪੀ ਗੌਰਵ ਤੂਰਾ, ਐੱਸ ਪੀ ਮਾਧਵੀ ਸ਼ਰਮਾ ਗਾਂਧੀ ਚੌਕ ਵਿੱਚ ਪੁੱਜੇ ਤੇ ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਆਲੇ ਦੁਆਲੇ ਸੁਰੱਖਿਆ ਸਬੰਧੀ ਹੁਕਮ ਦਿੱਤੇ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਬੰਗਾ ਰੋਡ ਦੀਆਂ ਟੁੱਟੀਆਂ ਸੜਕਾਂ ਵਿੱਚ ਪਏ ਖੱਡਿਆਂ ਨੂੰ ਮਿੱਟੀ ਪਾ ਕੇ ਭਰਨ ਦਾ ਕੰਮ ਵੀ ਚਾਲੂ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੁਲੀਸ ਵੱਲੋਂ ਟਰੈਫ਼ਿਕ ਰੂਟ ਵੀ ਤਬਦੀਲ ਕੀਤੇ ਗਏ ਹਨ। ਪੁਲੀਸ ਵੱਲੋਂ ਰੂਟ ਅਨੁਸਾਰ ਫਗਵਾੜੇ ਤੋਂ ਬੰਗਾ ਜਾਣ ਵਾਲਾ ਟਰੈਫ਼ਿਕ ਵਾਇਆ ਪੇਪਰ ਚੌਕ, ਅਰਬਨ ਅਸਟੇਟ ਹੁੰਦਾ ਹੋਇਆ ਮੁਕੰਦਪੁਰ ਰੋਡ ਵੱਲ ਦੀ ਬੰਗਿਆ ਨੂੰ ਜਾਵੇਗਾ। ਇਸੇ ਤਰ੍ਹਾਂ ਬੰਗਾ ਸਾਈਡ ਤੋਂ ਫਗਵਾੜੇ ਆਉਣ ਵਾਲਾ ਟਰੈਫ਼ਿਕ ਵਾਇਆ ਮੇਹਲੀ, ਭੁੱਲਾਰਾਏ ਚੌਕ ਹੁੰਦਾ ਹੋਇਆ ਹੁਸ਼ਿਆਰਪੁਰ ਵੱਲ ਦੀ ਦਾਖ਼ਲ ਹੋਵੇਗਾ।

