ਲੁਟੇਰਿਆਂ ਵੱਲੋਂ ਪਿਓ-ਪੁੱਤ ਦੀ ਕੁੱਟਮਾਰ
ਜਲੰਧਰ(ਪੱਤਰ ਪ੍ਰੇਰਕ): ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿਚ ਪੈਂਦੇ ਕਮਲ ਵਿਹਾਰ ਵਿਚ ਰਾਤ ਚਾਰ ਅਣਪਛਾਤੇ ਲੁਟੇਰਿਆਂ ਨੇ ਇਕ ਨੌਜਵਾਨ ਕੋਲੋਂ ਸਕੂਟਰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿਰੋਧ ਤੋਂ ਬਾਅਦ ਉਸ ਨੌਜਵਾਨ ਦੀ ਜੇਬ ਵਿੱਚੋਂ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਦੀਪਕ ਪੁੱਤਰ ਸੁੰਦਰ ਵਾਸੀ ਕਮਲ ਵਿਹਾਰ ਨੇ ਦੱਸਿਆ ਹੈ ਕਿ ਰਾਤ ਉਹ ਆਪਣੇ ਬੱਚੇ ਨਾਲ ਘਰ ਦਾ ਸਾਮਾਨ ਲੈਣ ਜਾ ਰਿਹਾ ਸੀ। ਇਸ ਦੌਰਾਨ ਚਾਰ ਲੁਟੇਰਿਆਂ ਨੇ ਉਸ ਦਾ ਸਕੂਟਰ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਤੇ ਉਸ ਦੇ ਬੱਚੇ ਨੂੰ ਕੁੱਟਿਆ। ਇਸ ਤੋਂ ਬਾਅਦ ਉਹ ਚਾਰੇ ਲੁਟੇਰੇ ਉਸ ਦੀ ਜੇਬ ’ਚ 7500 ਰੁਪਏ ਕੱਢ ਕੇ ਫਰਾਰ ਹੋ ਗਏ। ਉਸ ਨੇ ਰੌਲਾ ਪਾਇਆ ਤਾਂ ਲੋਕ ਘਰਾਂ ਤੋਂ ਬਾਹਰ ਆਉਣ ਲੱਗੇ, ਜਿਸ ਤੋਂ ਬਾਅਦ ਲੁਟੇਰੇ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ। ਥਾਣਾ ਬਾਵਾ ਖੇਲ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਬਾਵਾ ਖੇਲ ਦੀ ਪੁਲੀਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੀ ਹੈ।