ਕਿਸਾਨਾਂ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਪ੍ਰਦਰਸ਼ਨ
ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾੳੁਣ ਅਤੇ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਬੇਮੌਸਮੀ ਬਾਰਸ਼ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਅੰਮ੍ਰਿਤਸਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਨੇੜੇ ਧਰਨਾ ਦਿੱਤਾ ਗਿਆ ਤੇ ਐੱਸ ਡੀ ਐੱਮ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਇਸ ਦੌਰਾਨ ਕਿਸਾਨ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜਾਮਪੁਰਾ, ਜਤਿੰਦਰ ਸਿੰਘ ਛੀਨਾ, ਬਘੇਲ ਸਿੰਘ ਕੋਟਮੁਗਲ, ਗੁਰਦੇਵ ਸਿੰਘ ਵਰਪਾਲ, ਅਮਰੀਕ ਸਿੰਘ ਸੰਗਤਪੁਰਾ, ਹਰਜੀਤ ਝੀਤਾਂ, ਸ਼ਮਸ਼ੇਰ ਹੇਰ, ਸਵਿੰਦਰ ਸਿੰਘ ਮੀਰਾਕੋਟ, ਉਮਰਾਓ ਸਿੰਘ ਧਰਦਿਉ, ਸੁੱਚਾ ਸਿੰਘ ਆਦਿ ਨੇ ਕਿਹਾ ਕਿ ਕਿਸਾਨ ਮਸਲਿਆਂ ਪ੍ਰਤੀ ਪੰਜਾਬ ਸਰਕਾਰ ਦੇ ਸਭ ਦਾਅਵੇ ਖੋਖਲੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਹੜ੍ਹ ਪੀੜਤਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਭਾਰਤ-ਅਮਰੀਕਾ ਵਾਪਰ ਸਮਝੌਤਾ ਕੀਤਾ ਜਾਵੇ, ਸਬਜ਼ੀਆਂ, ਫਲਾਂ ’ਤੇ ਐੱਮ ਐੱਸ ਪੀ ਦਿੱਤੀ ਜਾਵੇ, ਹਰ ਘਰ ਤੱਕ ਸਾਫ਼ ਤੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ। ਇਸ ਮੌਕੇ ਸਵਿੰਦਰ ਮੀਰਕੋਟ, ਕਸ਼ਮੀਰ ਸਿੰਘ ਧੰਗਈ, ਸੁਖਵਿੰਦਰ ਚਾਹਲ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਰਤਨ ਰੰਧਾਵਾ, ਜੋਗਿੰਦਰ ਸਿੰਘ ਗੋਪਾਲਪੁਰ, ਜਗਜੀਵਨ ਸਿੰਘ ਤਲਵੰਡੀ, ਡਾ. ਪਰਮਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ।
ਪਠਾਨਕੋਟ (ਐੱਨ ਪੀ ਧਵਨ): ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਮੰਗਾਂ ਨੂੰ ਲੈ ਕੇ ਸੰਕੇਤਿਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਪੰਜਾਬ ਦੇ ਰਾਜਪਾਲ ਦੇ ਨਾਮ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਦਰਸ਼ਨ ਵਿੱਚ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਕੇਵਲ ਕਾਲੀਆ, ਪਰਸ਼ੋਤਮ ਕੁਮਾਰ, ਜਮਹੂਰੀ ਕਿਸਾਨ ਸਭਾ ਦੇ ਬਲਵੰਤ ਸਿੰਘ, ਬਲਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਮੁਖਤਿਆਰ ਸਿੰਘ ਤੇ ਵਿਜੈ ਕੁਮਾਰ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਪ੍ਰਕਾਸ਼ ਸਿੰਘ, ਇਕਬਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੇਵਲ ਸਿੰਘ ਕੰਗ ਨੇ ਕੀਤੀ।
ਗੁਰਦਾਸਪੁਰ (ਕੇ ਪੀ ਸਿੰਘ): ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਜਥੇਬੰਦੀਆਂ ਅਤੇ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਗੁਲਜ਼ਾਰ ਸਿੰਘ ਬਸੰਤਕੋਟ, ਮੱਖਣ ਸਿੰਘ ਕੁਹਾੜ, ਬਲਵਿੰਦਰ ਸਿੰਘ, ਰਾਜੂ ਔਲਖ, ਤਰਲੋਕ ਸਿੰਘ ਬਹਿਰਾਮਪੁਰ, ਹਰਭਜਨ ਸਿੰਘ ਬਟਾਲਾ, ਤਰਸੇਮ ਸਿੰਘ, ਹਰਜੀਤ ਸਿੰਘ ਲੋਹਚੱਪ, ਗੁਰਮੀਤ ਸਿੰਘ ਦੋਸਤਪੁਰ, ਹਰਜਿੰਦਰ ਸਿੰਘ ਆਦੀਆਂ, ਕੁਲਜੀਤ ਸਿੰਘ ਰੰਧਾਵਾ, ਬਲਬੀਰ ਸਿੰਘ, ਵਿਜੈ ਸੋਹਲ, ਧਿਆਨ ਸਿੰਘ ਠਾਕੁਰ, ਦਿਲਬਾਗ ਸਿੰਘ ਜੋਗਰ, ਜੋਗਿੰਦਰ ਪਾਲ ਪਨਿਆੜ, ਸੰਜੀਵ ਸੈਣੀ ਬਲਬੀਰ ਸਿੰਘ ਬੈਂਸ ਨੇ ਕੀਤੀ। ਧਰਨੇ ਤੋਂ ਪਹਿਲਾਂ ਪੈਦਲ ਮਾਰਚ ਕੀਤਾ ਗਿਆ ਅਤੇ ਬਾਅਦ ਵਿੱਚ ਡੀ ਸੀ ਗੁਰਦਾਸਪੁਰ ਨੂੰ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਹੁਸ਼ਿਆਰਪੁਰ (ਜਗਜੀਤ ਸਿੰਘ): ਬਿਜਲੀ ਸੋਧ ਬਿੱਲ ਰੱਦ ਕਰਨ, ਬੀਜ ਸੋਧ ਬਿੱਲ ਵਾਪਸ ਲੈਣ, ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਨ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਐਸ ਕੇ ਐੱਮ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਐੱਸ ਕੇ ਐੱਮ ਪੰਜਾਬ ਦੇ ਮੈਂਬਰ ਹਰਬੰਸ ਸਿੰਘ ਸੰਘਾ ਸੰਬੋਧਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਭੂੰਗਾ, ਮਲਕੀਤ ਸਿੰਘ, ਗੁਰਜਪਾਲ ਸਿੰਘ, ਗੁਰਮੇਸ਼ ਸਿੰਘ, ਤਲਵਿੰਦਰ ਸਿੰਘ ਉਗਰਾਹਾ ਆਦਿ ਹਾਜ਼ਰ ਸਨ।
ਟੌਲ ਦਿੱਤੇ ਵਾਹਨ ਬਿਨਾਂ ਲੰਘਾਏ
ਤਰਨ ਤਾਰਨ (ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵੱਲੋਂ ਅੱਜ ਉਸਮਾ ਟੌਲ ਪਲਾਜ਼ੇ ’ਤੇ ਧਰਨਾ ਦੇ ਕੇ ਆਵਾਜਾਈ ਨੂੰ ਪਰਚੀ ਮੁਕਤ ਬਣਾ ਦਿੱਤਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸੁੱਚਾ ਸਿੰਘ ਲੱਧੂ, ਗੁਰਸੇਵਕ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਭੰਗੂ, ਸੁਖਵੰਤ ਸਿੰਘ ਦੁਬਲੀ, ਸਾਹਿਬ ਸਿੰਘ ਸਭਰਾ, ਪ੍ਰਗਟ ਸਿੰਘ ਚੰਬਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸ਼ੰਬੂ ਤੇ ਖਨੌਰੀ ਬਾਰਡਰ ’ਤੇ ਸ਼ਾਂਤਮਈ ਮੋਰਚਿਆਂ ਨੂੰ ਉਖਾੜਨ ਦੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਕੇ ਪੂਰਤੀ ਨਹੀਂ ਕੀਤੀ ਜਾ ਰਹੀ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਸੰਯੁਕਤ ਕਿਸਾਨ ਮੋਰਚੇ ਗੈਰ-ਰਾਜਨੀਤਿਕ ਦੇ ਸੱਦੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਟੌਲ ਪਲਾਜ਼ੇ ਦਸ ਅਪਰੈਲ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀ ਦੇ ਸੂਬਾਈ ਆਗੂ ਗੁਰਸਾਹਿਬ ਸਿੰਘ ਚਾਟੀਵਿੰਡ ਤੇ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਬੇ-ਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ, ਜਿਸ ਦੀ ਭਰਪਾਈ ਜਲਦੀ ਕੀਤੀ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਅੰਮ੍ਰਿਤਸਰ-ਦਿੱਲੀ ਮਾਰਗ ’ਤੇ ਸਥਿਤ ਨਿੱਜਰਪੁਰਾ ਟੌਲ ਪਲਾਜ਼ਾ 10 ਅਪਰੈਲ ਨੂੰ ਇੱਕ ਦਿਨ ਲਈ ਪਰਚੀ ਮੁਕਤ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਰਾਮਪੁਰਾ, ਅੰਗਰੇਜ਼ ਸਿੰਘ ਚਾਟੀਵਿੰਡ, ਪ੍ਰਗਟ ਸਿੰਘ ਚਾਟੀਵਿੰਡ, ਮੇਜਰ ਸਿੰਘ ਰਾਮਪੁਰਾ ਆਦੀ ਆਗੂ ਮੌਜੂਦ ਸਨ।

