ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ
ਕੰਢੀ ’ਚ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਫ਼ਸਲਾਂ ਸੁੱਕਣ ਲੱਗੀਆਂ
ਖੇਤੀ ਲਈ ਬਿਜਲੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਰ ਕੇ ਸੁੱਕ ਰਹੀਆਂ ਫਸਲਾਂ ਤੋਂ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਮੁਕੇਰੀਆਂ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਪਾਵਰਕੌਮ ਦੇ ਮੰਡਲ ਸੁਪਰਡੈਂਟ ਰਾਹੀਂ ਵਧੀਕ ਨਿਗਰਾਨ ਇੰਜਨੀਅਰ ਨੂੰ ਮੰਗ ਪੱਤਰ ਸੌਂਪਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਪ੍ਰਧਾਨ ਵਿਜੇ ਕੁਮਾਰ ਬਹਿਬਲਮੰਜ, ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੀਨੀਅਰ ਆਗੂ ਮਨਜੀਤ ਸਿੰਘ ਰੰਧਾਵਾ, ਬਲਵੀਰ ਸਿੰਘ ਅਤੇ ਸਰਬਜੀਤ ਸਿੰਘ ਨੇ ਕੀਤੀ।
ਆਗੂਆਂ ਕਿਹਾ ਕਿ ਕੰਢੀ ਏਰੀਏ ਦੇ ਕਿਸਾਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਮੋਟਰਾਂ ਲਈ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਮਿਲੀ ਹੋਈ ਹੈ ਪਰ ਹੁਣ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਰਕੇ ਝੋਨੇ ਤੇ ਗੰਨੇ ਦੀਆਂ ਫਸਲਾਂ ਸੁੱਕਣ ਲੱਗੀਆ ਹਨ। ਆਗੂਆਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕਸਬਾ ਭੰਗਾਲਾ, ਮੁਕੇਰੀਆਂ, ਦਸੂਹਾ, ਟਾਂਡਾ, ਗੜਦੀਵਾਲਾ ਦੇ ਕਿਸਾਨਾਂ ਨੂੰ ਕੰਢੀ ਏਰੀਏ ਵਿੱਚ ਆਉਣ ਕਾਰਨ ਖੇਤੀ ਮੋਟਰਾਂ ’ਤੇ 24 ਘੰਟੇ ਬਿਜਲੀ ਮਿਲ ਰਹੀ ਸੀ ਪਰ ਕਰੀਬ 6 ਮਹੀਨਿਆਂ ਤੋਂ ਉਹ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਆਗੂਆਂ ਦੱਸਿਆ ਕਿ ਪਾਵਰਕੌਮ ਵਲੋਂ ਪਿਛਲੇ ਕੁਝ ਸਮੇਂ ਤੋਂ ਕੀਤੇ ਫੈਸਲੇ ਅਨੁਸਾਰ ਮੋਟਰਾਂ ਅਤੇ ਘਰਾਂ ਦੀ ਬਿਜਲੀ ਸਪਲਾਈ ਅੱਡ ਅੱਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਠੇਕੇਦਾਰ ਵਲੋਂ ਬਿਜਲੀ ਦੇ ਨਵੇਂ ਖੰਭੇ ਲਗਾਉਣ ਅਤੇ ਨਵੀਆਂ ਲਾਈਨਾਂ ਕੱਢਣ ਵਿੱਚ ਵਰਤੀ ਜਾ ਰਹੀ ਢਿੱਲ-ਮੱਠ ਕਾਰਨ ਉਨ੍ਹਾਂ ਨੂੰ ਬਿਜਲੀ ਦੇ ਲੰਮੇ-ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਾਅਵਿਆਂ ਦੇ ਉਲਟ ਬਿਜਲੀ ਸਪਲਾਈ ਦੀ ਘਾਟ ਕਾਰਨ ਕੰਢੀ ਖੇਤਰ ਵਿੱਚ ਫਸਲਾਂ ਸੁੱਕਣ ਕਿਨਾਰੇ ਹਨ। ਆਗੂਆਂ ਮਸਲਾ ਹੱਲ ਨਾ ਹੋਣ ’ਤੇ ਬਿਜਲੀ ਦਫ਼ਤਰ ਅੱਗੇ ਧਰਨਾ ਦੇਣ ਅਤੇ ਸੜਕੀ ਆਵਾਜਾਈ ਠੱਪ ਕਰਨ ਦੀ ਚਿਤਾਵਨੀ ਦਿੱਤੀ।
