ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਅੱਜ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਜਲੀ...
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਅੱਜ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ, ਮਗਨਰੇਗਾ ਤੇ ਕਿਰਤ ਕਾਨੂੰਨਾਂ ਵਿੱਚ ਕੀਤੇ ਬਦਲਾਅ ਕਾਰਨ ਸਮੂਹ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰ ਕੇ ਬਿਜਲੀ ਤੇ ਬੀਜ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ। ਡਾ. ਅਜਨਾਲਾ ਨੇ ਦੱਸਿਆ ਕਿ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਰੱਦ ਕਰ ਕੇ ਚਾਰ ਲੇਬਰ ਕੋਡਜ਼ ਲਾਗੂ ਕਰ ਦਿੱਤੇ ਹਨ। ਇਸੇ ਤਰ੍ਹਾਂ ਹੋਰ ਮਜ਼ਦੂਰ ਵਿਰੋਧੀ ਬਦਲਾਅ ਕਰ ਕੇ ਮਜ਼ਦੂਰਾਂ ਤੇ ਗ਼ਰੀਬਾਂ ਦੇ ਹੱਕ ’ਤੇ ਡਾਕਾ ਮਾਰਿਆ ਹੈ। ਡਾ. ਅਜਨਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦਾ ਵਿਰੁੱਧ ਅੰਮ੍ਰਿਤਸਰ ਦੇ ਡੀ ਸੀ ਦਫ਼ਤਰ ਸਾਹਮਣੇ ਲਾਏ ਜਾ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਕਿਸਾਨ ਸ਼ਾਮਲ ਹੋਣਗੇ।
ਪੱਟੀ (ਬੇਅੰਤ ਸਿੰਘ ਸੰਧੂ): ਸੰਯੁਕਤ ਕਿਸਾਨ ਮੋਰਚਾ ਗ਼ੈਰ-ਰਾਜਨੀਤਕ ਵੱਲੋਂ ਪੱਟੀ ਅੰਦਰ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂਆਂ ਸਾਹਿਬ ਸਿੰਘ ਸਭਰਾ, ਕਾਰਜ ਸਿੰਘ ਘਰਿਆਲਾ, ਬਾਬਾ ਪ੍ਰਗਟ ਸਿੰਘ ਪ੍ਰਿੰਗੜੀ, ਸੁਖਵੰਤ ਸਿੰਘ ਦੁੱਬਲੀ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਨੌਨਿਹਾਲ ਸਿੰਘ ਸੀਤੋ, ਪਰਮਜੀਤ ਸਿੰਘ ਗੁਦਾਈਕੇ ਅਤੇ ਸਿਕੰਦਰਪਾਲ ਸਿੰਘ ਨੱਥੂਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ।
ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ਼ੈਰ-ਮੌਜੂਦਗੀ ਵਿੱਚ ਇਹ ਮੰਗ ਪੱਤਰ ਨੂੰ ਵਿਧਾਇਕ ਸਰਵਣ ਸਿੰਘ ਧੁੰਨ ਨੇ ਪ੍ਰਾਪਤ ਕੀਤਾ। ਸੰਯੁਕਤ ਮੋਰਚੇ ’ਚ ਸ਼ਾਮਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰ ਕੇ ਮਤਾ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ ਅਤੇ ਸਮਾਰਟ ਮੀਟਰ ਲਗਾਉਣੇ ਅਤੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਤੋਂ ਰੋਕੀਆਂ ਜਾਣ। ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਭਾਈਵਾਲੀ ਵਾਲੇ ਬੈਂਕਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਕਿਸਾਨੀ ਮੁੱਦਿਆਂ ’ਤੇ ਕੇਂਦਰ ਸਰਕਾਰ ਨਾਲ ਚੱਲਦੀ ਗੱਲਬਾਤ ਦੌਰਾਨ ਟਰੈਕਟਰ-ਟਰਾਲੀਆਂ ਸਣੇ ਕੀਤੇ ਨੁਕਸਾਨ ਦਾ ਸੌ ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ, ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਆਦਿ।
ਇਸ ਮੌਕੇ ਸੁੱਚਾ ਸਿੰਘ ਭਾਈ ਲੱਧੂ, ਸਤਨਾਮ ਸਿੰਘ, ਸੋਨੂੰ ਸਭਰਾ, ਪ੍ਰਗਟ ਸਿੰਘ ਪ੍ਰਿੰਗੜੀ, ਪ੍ਰਗਟ ਸਿੰਘ ਚੰਬਾ, ਸੁਖਜਿੰਦਰ ਸਿੰਘ ਰੂੜੀਵਾਲਾ, ਹਰਜੀਤ ਸਿੰਘ ਜੌਹਲ, ਸੁਖਦੇਵ ਸਿੰਘ ਸਰਾਲੀ ਮੰਡ, ਦੀਦਾਰ ਸਿੰਘ ਲਾਖਨਾ, ਗੁਰਬੀਰ ਸਿੰਘ ਭਉਵਾਲ, ਸ਼ਿੰਦਰਪਾਲ ਸਿੰਘ ਰਸੂਲਪੁਰ, ਸਾਰਜ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਭੰਗਾਲਾ, ਮੁਖਤਿਆਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ।

