ਕੰਢੀ ਇਲਾਕੇ ਅਧੀਨ ਪੈਂਦੇ ਨੀਮ ਪਹਾੜੀ ਪਿੰਡਾਂ ਵਿੱਚ ਕਿਸਾਨ ਜੰਗਲੀ ਜਾਨਵਰਾਂ ਅਤੇ ਆਵਾਰਾ ਪਸ਼ੂਆਂ ਵੱਲੋਂ ਨੁਕਸਾਨੀਆਂ ਜਾਂਦੀਆਂ ਫ਼ਸਲਾਂ ਕਾਰਨ ਪ੍ਰੇਸ਼ਾਨ ਹਨ। ਆਪਣੀਆਂ ਫ਼ਸਲਾਂ ਦੀ ਰਾਖੀ ਲਈ ਕਿਸਾਨ ਕੜਾਕੇ ਦੀ ਠੰਢ ਤੇ ਬਰਸਾਤਾਂ ਵਿੱਚ ਖੇਤਾਂ ਵਿੱਚ ਬਣਾਏ ਮਣਿਆਂ ’ਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ। ਇਲਾਕੇ ਦੇ ਕਾਸ਼ਤਕਾਰ ਕੰਢੀ ਦੀ ਕਿਸਾਨੀ ਨੂੰ ‘ਰਾਤ ਦੀ ਖੇਤੀ’ ਦੇ ਨਾਂ ਨਾਲ ਸੰਬੋਧਨ ਕਰਦੇ ਹਨ।
ਦੱਸਣਯੋਗ ਹੈ ਕਿ ਸਥਾਨਕ ਤਹਿਸੀਲ ਦੇ ਕਸਬਾ ਜੇਜੋਂ ਦੀ ਬੈਲਟ ਤੋਂ ਹੁਸ਼ਿਆਰਪੁਰ ਅਤੇ ਬੀਤ ਇਲਾਕੇ ਦੇ ਬਾਈ ਪਿੰਡਾਂ ਤੋਂ ਬਲਾਚੌਰ ਵੱਲ ਪੈਂਦੇ ਕਰੀਬ ਸੌ ਪਿੰਡਾਂ ਵਿੱਚ ਜੰਗਲੀ ਜਾਨਵਰ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ। ਕੰਢੀ ਇਲਾਕੇ ਵਿੱਚ ਕਰੱਸ਼ਰ ਚਾਲਕਾਂ ਵੱਲੋਂ ਕੀਤੀ ਨਾਜਾਇਜ ਖਣਨ ਕਾਰਨ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਖਣਨ ਮਸ਼ੀਨਰੀ ਤੇ ਆਵਾਜਾਈ ਦੇ ਸ਼ੋਰ ਕਾਰਨ ਜੰਗਲੀ ਗਊਆਂ ਦੇ ਝੁੰਡ ਕੰਢੀ ਦੇ ਪਿੰਡਾਂ ਵਿੱਚ ਆ ਗਏ ਹਨ। ਰਾਤ ਹੁੰਦਿਆਂ ਹੀ ਇਹ ਪਸ਼ੂ ਫ਼ਸਲਾਂ ਦਾ ਉਜਾੜਾ ਕਰਦੇ ਹਨ। ਇਸ ਕਾਰਨ ਕਿਸਾਨ ਠੰਢ ਵਿੱਚ ਵੀ ਖੇਤਾਂ ’ਚ ਰਾਤਾਂ ਕੱਟਣ ਲਈ ਮਜਬੂਰ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਕੰਢੀ ਇਲਾਕੇ ਵਿੱਚ ਕਈ ਰਸੂਖਵਾਨਾਂ ਨੇ ਆਪਣੇ ਖੇਤੀ ਫਾਰਮ ਬਣਾਏ ਹੋਏ ਹਨ। ਉਨ੍ਹਾਂ ਇੱਥੇ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਬਚਾਉਣ ਲਈ ਮਹਿੰਗੇ ਪ੍ਰਬੰਧ ਕੀਤੇ ਹੋਏ ਹਨ। ਦੱਸਣਾ ਬਣਦਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਲਈ ਕਿਸਾਨਾਂ ਨੂੰ ਕੰਡੇਦਾਰ ਤਾਰਾਂ ਦੇਣ, ਫ਼ਸਲਾਂ ਦੇ ਉਜਾੜੇ ਦਾ ਮੁਆਵਜ਼ਾ ਦੇਣ ਅਤੇ ਜੰਗਲੀ ਜਾਨਵਰਾਂ ਲਈ ਰੱਖਾਂ ਬਣਾਉਣ ਦੇ ਅਨੇਕਾਂ ਵਾਅਦੇ ਕੀਤੇ ਸਨ ਜੋ ਵਫ਼ਾ ਨਹੀਂ ਹੋਏ।
ਇਸ ਬਾਰੇ ਕੰਢੀ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕੰਢੀ ਇਲਾਕੇ ਦੇ ਕਿਸਾਨਾਂ ਦੀ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੀ ਰਾਖੀ ਕਰਦਿਆਂ ਕਈ ਕਿਸਾਨਾਂ ਦੀ ਜਾਨ ਗਈ ਹੈ ਅਤੇ ਅਣਗਿਣਤ ਕਿਸਾਨ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਜੰਗਲਾਤ ਵਿਭਾਗ ਨੂੰ ਜੰਗਲੀ ਜਾਨਵਰਾਂ ਲਈ ਰੱਖਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਇਲਾਕੇ ਵਿੱਚ ਹੋ ਰਹੀ ਖਣਨ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਕੁਦਰਤੀ ਆਫ਼ਤਾਂ ਅਤੇ ਜੰਗਲੀ ਧਮਾਕਿਆਂ ਦੇ ਉਜਾੜੇ ਨਾਲ ਹੁੰਦੇ ਨੁਕਸਾਨ ਦੀ ਭਰਪਾਈ ਕਰਨ ਦੀ ਅਪੀਲ ਕੀਤੀ।

