ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਭਖਾਉਣ ਦੇ ਰੌਂਅ ’ਚ ਕਿਸਾਨ : The Tribune India

ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਭਖਾਉਣ ਦੇ ਰੌਂਅ ’ਚ ਕਿਸਾਨ

ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਭਖਾਉਣ ਦੇ ਰੌਂਅ ’ਚ ਕਿਸਾਨ

ਜਲੰਧਰ ਵਿੱਚ ਐਤਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜਾਰੀ ਧਰਨੇ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਸਰਬਜੀਤ ਸਿੰਘ

ਪਾਲ ਸਿੰਘ ਨੌਲੀ

ਜਲੰਧਰ, 4 ਦਸੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਲੱਗੇ ਮੋਰਚੇ ਨੌਵੇਂ ਦਿਨ ਵਿੱਚ ਦਾਖਲ ਹੋ ਗਏ ਹਨ। ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਰਾਮੇ, ਨਿਰਮਲ ਸਿੰਘ ਢੰਡੋਵਾਲ, ਸਤਨਾਮ ਸਿੰਘ ਰਾਈਵਾਲ, ਜਗਦੀਸ਼ ਪਾਲ ਸਿੰਘ ਬਾਹਮਣੀਆਂ ਅਤੇ ਰਣਜੀਤ ਸਿੰਘ ਬਲ ਨਾਓ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।

ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਤੇ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਢੰਡੋਵਾਲ ਨੇ ਕਿਹਾ ਕਿ 5 ਦਸੰਬਰ ਨੂੰ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮੰਗ ਪੱਤਰ ਸੌਂਪੇ ਜਾਣਗੇ। ਇਸ ਤੋਂ ਇਲਾਵਾ 7 ਦਸੰਬਰ ਨੂੰ ਡੀਸੀ ਦਫ਼ਤਰਾਂ ਦੇ ਮੁੱਖ ਗੇਟ ’ਤੇ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਧਰਨੇ ਦਿੱਤੇ ਜਾਣਗੇ, ਜਦਕਿ 12 ਦਸੰਬਰ ਨੂੰ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਧਰਨੇ ਲਾਏ ਜਾਣਗੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਕ ਮਹੀਨੇ ਵਾਸਤੇ ਟੌਲ ਮੁਫ਼ਤ ਕਰਨ ਲਈ ਮੋਰਚੇ ਲਗਾਏ ਜਾਣਗੇ, ਜੋ 15 ਦਸੰਬਰ ਤੋਂ 15 ਜਨਵਰੀ ਤੱਕ ਹੋਣਗੇ। ਆਗੂਆਂ ਨੇ ਮੰਗ ਕੀਤੀ ਕਿ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪਾਣੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਸ਼ੁੱਧ ਕਰਨ ਤੇ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਉਣ, ਕਿਸਾਨਾਂ ਮਜ਼ਦੂਰਾਂ ਦਾ ਕਿੱਤਾ ਲਾਹੇਵੰਦ ਬਣਾਉਣ, ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ, ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਪੱਖੋਂ ਆਤਮ-ਨਿਰਭਰ ਕਰਨ, ਰੇਤ ਮਾਫੀਆ, ਭੂ-ਮਾਫੀਆ, ਸਿਹਤ ਮਾਫੀਆ ਅਤੇ ਵਿਦਿਆ ਮਾਫੀਆ ’ਤੇ ਕਾਬੂ ਪਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਅੱਜ ਦੇ ਧਰਨੇ ਨੂੰ ਬਲਜਿੰਦਰ ਸਿੰਘ ਰਾਜੇਵਾਲ, ਗੁਰਪਾਲ ਸਿੰਘ ਈਦਾਂ, ਸਤਨਾਮ ਸਿੰਘ ਰਾਈਵਾਲ, ਕਿਸ਼ਨਦੇਵ ਮਿਆਣੀ, ਨਿਰਮਲ ਸਿੰਘ ਢੰਡੋਵਾਲ, ਰਾਜਿੰਦਰ ਸਿੰਘ ਨੰਗਲ ਅੰਬੀਆਂ, ਰਣਜੀਤ ਸਿੰਘ ਬੱਲ ਨੌ, ਜਗਤਾਰ ਸਿੰਘ ਚੱਕ ਬਾਹਮਣੀਆਂ, ਬਲਦੇਵ ਸਿੰਘ ਕੁਹਾੜ, ਵੀਰੂ ਜਗਤਪੁਰਾ, ਕੁਲਦੀਪ ਰਾਏ ਤਲਵੰਡੀ ਸੰਘੇੜਾ, ਜਗਤਾਰ ਸਿੰਘ ਚੱਕ ਵਡਾਲਾ, ਵੱਸਣ ਸਿੰਘ ਕੋਠਾ, ਸੁਖਦੇਵ ਸਿੰਘ ਮੱਲੀ, ਸੋਨੂੰ ਖਾਨਪੁਰ, ਜੋਗਿੰਦਰ ਸਿੰਘ ਮਡਾਲਾ ਛੰਨਾਂ, ਮੇਜਰ ਸਿੰਘ ਜਾਫਰਵਾਲ ਅਤੇ ਤੀਰਥ ਕੋਟਲਾ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All